Rahul gandhi arrives in tamilnadu : ਤਾਮਿਲਨਾਡੂ : ਰਾਜਨੀਤਿਕ ਪਾਰਟੀਆਂ ਨੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਲਈ ਆਪੋ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ਨੀਵਾਰ ਨੂੰ ਤਾਮਿਲਨਾਡੂ ਪਹੁੰਚੇ ਹਨ। ਰਾਹੁਲ ਗਾਂਧੀ ਇੱਥੇ ਤਿੰਨ ਦਿਨਾਂ ਤੱਕ ਰਹਿਣਗੇ। ਇਸ ਦੌਰਾਨ ਉਹ ਰਾਜ ਦੇ ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਰਾਹੁਲ ਗਾਂਧੀ ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਹਨ। ਤਾਮਿਲਨਾਡੂ ਪਹੁੰਚਦਿਆਂ ਹੀ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਟਵਿਟਰ ‘ਤੇ ਇੱਕ ਵੀਡੀਓ ਸਾਂਝਾ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ, “ਮੈਂ ਇੱਕ ਵਾਰ ਫਿਰ ਤਾਮਿਲਨਾਡੂ ਵਿੱਚ ਆ ਕੇ ਬਹੁਤ ਖੁਸ਼ ਹਾਂ। ਮੈਨੂੰ ਕੌਂਗੂ ਬੈਲਟ ਦੇ ਆਪਣੇ ਤਾਮਿਲ ਭਰਾਵਾਂ ਅਤੇ ਭੈਣਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਇਕੱਠੇ ਮਿਲ ਕੇ ਅਸੀਂ ਤਾਮਿਲਨਾਡੂ ਦੇ ਸਭਿਆਚਾਰ ਨੂੰ ਮੋਦੀ ਸਰਕਾਰ ਦੇ ਹਮਲੇ ਤੋਂ ਬਚਾਵਾਂਗੇ।”
ਤਾਮਿਲਨਾਡੂ ਵਿੱਚ ਇਸ ਸਾਲ ਮਈ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਵਲੋਂ ਜਾਰੀ ਪ੍ਰੋਗਰਾਮ ਦੀ ਜਾਣਕਾਰੀ ਦੇ ਅਨੁਸਾਰ ਰਾਹੁਲ ਕੋਇਮਬਟੂਰ ਅਤੇ ਤਿਰੂਪੁਰ ਜ਼ਿਲ੍ਹੇ ਵਿੱਚ ਰੋਡ ਸ਼ੋਅ ਕਰਨਗੇ ਅਤੇ ਐਮਐਸਐਮਈ ਖੇਤਰ ਨਾਲ ਜੁੜੇ ਲੋਕਾਂ, ਕਿਸਾਨਾਂ ਨੂੰ ਵੀ ਮਿਲਣਗੇ। ਇਸ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਰਾਹੁਲ ਗਾਂਧੀ ਤਾਮਿਲਨਾਡੂ ਦਾ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾਂ 14 ਜਨਵਰੀ ਨੂੰ ਉਹ ਪਾਂਗਲ ਦੇ ਮੌਕੇ ‘ਜਲੀਕੱਟੂ’ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਮਦੁਰੈ ਪਹੁੰਚੇ ਸਨ।