Rahul gandhi in Assam: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਅਸਮ ਵਿੱਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਿਵਸਾਗਰ ਜ਼ਿਲ੍ਹੇ ਦੇ ਸ਼ਿਵਨਗਰ ਬੋਰਡਿੰਗ ਫੀਲਡ ਵਿਖੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਸਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਤਰੁਣ ਗੋਗੋਈ ਦੀ ਕਾਫ਼ੀ ਤਾਰੀਫ਼ ਕੀਤੀ। ਰਾਹੁਲ ਨੇ ਕਿਹਾ ਕਿ ਗੈਰਕਨੂੰਨੀ ਇਮੀਗ੍ਰੇਸ਼ਨ ਇੱਕ ਮੁੱਦਾ ਹੈ, ਪਰ ਅਸਮ ਦੇ ਲੋਕ ਖੁਦ ਇਸ ਮਸਲੇ ਨੂੰ ਸੁਲਝਾਉਣ ਦੀ ਕਾਬਲੀਅਤ ਰੱਖਦੇ ਹਨ।ਰਾਹੁਲ ਨੇ ਕਿਹਾ, “ਅਸਮ ਦੇ ਲੋਕਾਂ ਨੂੰ ਇਕਜੁੱਟ ਕੀਤਾ, ਇਸ ਤੋਂ ਪਹਿਲਾਂ ਹਿੰਸਾ ਦੇ ਚੱਲਦੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਕੋਈ ਵੀ ਜਨਤਕ ਸਭਾ ਤੋਂ ਘਰ ਵਾਪਿਸ ਪਰਤ ਸਕੇਗਾ।” ਉਨ੍ਹਾਂ ਨੇ ਕਿਹਾ ਕਿ ਜੇ ਅਸਮ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਦੇਸ਼ ਨੂੰ ਨੁਕਸਾਨ ਹੋਵੇਗਾ। ਭਾਵੇਂ ਕੁਝ ਵੀ ਹੋ ਜਾਏ ਸੀਏਏ ਕਦੇ ਵੀ ਲਾਗੂ ਨਹੀਂ ਹੋਵੇਗਾ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ, “ਹਮ ਦੋ ਹਮਾਰੇ ਦੋ ਵਾਲੀ ਸਰਕਾਰ ਚੰਗੀ ਤਰ੍ਹਾਂ ਸੁਣ ਲੈਣ, ਸੀਏਏ ਕਦੇ ਲਾਗੂ ਨਹੀਂ ਹੋਵੇਗਾ।”
ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ, “ਹਮ ਦੋ ਹਮਾਰੇ ਦੋ ਅਸਮ ਨੂੰ ਚਲਾ ਰਹੇ ਹਨ। ਅਸਮ ਤੋਂ ਜਾਓ ਅਤੇ ਜੋ ਵੀ ਅਸਮ ਵਿੱਚ ਹੈ ਲੁੱਟ ਲਵੋ।ਦੁਨੀਆ ਦੀ ਕੋਈ ਵੀ ਤਾਕਤ ਅਸਮ ਨੂੰ ਤੋੜ ਨਹੀਂ ਸਕਦੀ। ਜਿਹੜਾ ਵੀ ਅਸਮ ਸਮਝੌਤੇ ਨੂੰ ਛੂਹਣ ਜਾਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰੇਗਾ, ਕਾਂਗਰਸ ਪਾਰਟੀ ਅਤੇ ਅਸਮ ਦੇ ਲੋਕ ਮਿਲ ਕੇ ਉਨ੍ਹਾਂ ਨੂੰ ਸਬਕ ਸਿਖਾਉਣਗੇ। ਮੈਂ ਅਤੇ ਸਾਰੇ ਕਾਂਗਰਸੀ ਵਰਕਰ ਅਸਮ ਸਮਝੌਤੇ ਦੇ ਸਿਧਾਂਤਾਂ ਦੀ ਰੱਖਿਆ ਕਰਾਂਗੇ, ਅਸੀਂ ਇਸ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਭਾਜਪਾ, ਆਰਐਸਐਸ ਅਸਮ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਇਸ ਤੋਂ ਪ੍ਰਭਾਵਤ ਨਹੀਂ ਹੋਣਗੇ ਪਰ ਅਸਮ ਅਤੇ ਪੂਰਾ ਦੇਸ਼ ਇਸ ਤੋਂ ਪ੍ਰਭਾਵਤ ਹੋਏਗਾ।”ਰਾਹੁਲ ਨੇ ਕਿਹਾ, ਰਿਮੋਟ ਕੰਟਰੋਲ ਨਾਲ ਟੀਵੀ ਚਲਾਇਆ ਜਾ ਸਕਦਾ ਹੈ, ਮੁੱਖ ਮੰਤਰੀ ਨਹੀਂ, ਤੁਸੀਂ ਆਪਣਾ ਮੁੱਖ ਮੰਤਰੀ ਚਾਹੁੰਦੇ ਹੋ ਜੋ ਤੁਹਾਡੀਆਂ ਮੁਸ਼ਕਲਾਂ ਨੂੰ ਸੁਣੇ, ਪਰ ਅਸਮ ਦੇ ਮੁੱਖ ਮੰਤਰੀ ਸਿਰਫ ਨਾਗਪੁਰ ਅਤੇ ਦਿੱਲੀ ਦੀ ਹੀ ਸੁਣਦੇ ਹਨ। ਇਸ ਲਈ ਸਾਨੂੰ ਇਸ ਸਰਕਾਰ ਨੂੰ ਹਟਾਉਣਾ ਪਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਲੋਕਾਂ ਦਾ ਪੈਸਾ ਲੁੱਟਿਆ ਅਤੇ ਆਪਣੇ ਦੋ ਦੋਸਤਾਂ ਦਾ ਕਰਜ਼ਾ ਮੁਆਫ ਕਰ ਦਿੱਤਾ।
ਇਹ ਵੀ ਦੇਖੋ: ਵੱਡੀ ਖ਼ਬਰ: ਲੱਖਾ ਸਿਧਾਣਾ ਵੀ ਹੋਇਆ ਗ੍ਰਿਫ਼ਤਾਰ ! ਸਿਰ ‘ਤੇ ਲੱਖ ਰੁਪਏ ਦਾ ਸੀ ਇਨਾਮ…!