Rahul gandhi joined tractor march : ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਵੀ ਭੱਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਲਗਾਤਾਰ ਕਿਸਾਨਾਂ ਦੇ ਮੁੱਦੇ ‘ਤੇ ਲਗਾਤਾਰ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ। ਅੱਜ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਅਜਮੇਰ ਨੇੜੇ ਰੂਪਨਗੜ੍ਹ ਵਿਖੇ ਇੱਕ ਕਿਸਾਨ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ ਹੈ। ਇਸ ਮਾਰਚ ਦੌਰਾਨ ਉਨ੍ਹਾਂ ਨੇ ਖ਼ੁਦ ਟਰੈਕਟਰ ਵੀ ਚਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਕੋਈ ਵੀ ਕਿਸਾਨ ਸਰਕਾਰ ਨਾਲ ਗੱਲ ਨਹੀਂ ਕਰੇਗਾ। ਰਾਹੁਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਸੀ, ਹੈ ਅਤੇ ਰਹਿਣਗੇ। ਜ਼ਿਕਰਯੋਗ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ੁੱਕਰਵਾਰ ਤੋਂ ਰਾਜਸਥਾਨ ਦੇ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆਏ ਗਏ ਤਿੰਨ ਨਵੇਂ ਕਾਨੂੰਨਾਂ ਬਾਰੇ ਗੱਲ ਕਰਨ ਆਇਆ ਹਾਂ। ਉਨ੍ਹਾਂ ਦੇ ਪਿੱਛੇ ਕੀ ਉਦੇਸ਼ ਹੈ। ਮੰਡੀ ਨੂੰ ਮਾਰਨਾ ਪਹਿਲਾ ਟੀਚਾ ਹੈ। ਦੂਸਰਾ ਕਾਨੂੰਨ ਦੇਸ਼ ਵਿੱਚ ਅਸੀਮਿਤ ਜਮਾਂ ਖ਼ੋਰੀ ਸ਼ੁਰੂ ਕਰਨ ਜਾ ਰਿਹਾ ਹੈ। ਦੇਸ਼ ਸਭ ਤੋਂ ਵੱਡਾ ਕਾਰੋਬਾਰ ਖੇਤੀਬਾੜੀ ਹੈ। ਇਹ ਚਾਲੀ ਲੱਖ ਕਰੋੜ ਦਾ ਕਾਰੋਬਾਰ ਹੈ ਜੋ ਕਿਸੇ ਦਾ ਨਹੀਂ ਹੈ। ਦੇਸ਼ ਦੇ 40 ਪ੍ਰਤੀਸ਼ਤ ਲੋਕਾਂ ਦਾ ਕਾਰੋਬਾਰ ਖੇਤੀਬਾੜੀ ਹੈ। ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਇਹ ਸਾਰਾ ਕਾਰੋਬਾਰ ਆਪਣੇ ਦੋ ਦੋਸਤਾਂ ਨੂੰ ਸੌਂਪਿਆ ਜਾਵੇ, ਇਹ ਹੈ ਕਾਨੂੰਨ ਦਾ ਟੀਚਾ।” ਦੇਸ਼ ਦਾ ਕਿਸਾਨ ਕਹਿ ਰਿਹਾ ਹੈ ਕਿ ਅਸੀਂ ਮਰ ਜਾਵਾਂਗੇ ਪਰ ਅਜਿਹਾ ਨਹੀਂ ਹੋਵੇਗਾ। ਮਜ਼ਦੂਰ, ਛੋਟੇ ਕਾਰੋਬਾਰੀ ਸਾਰੇ ਕਿਸਾਨਾਂ ਦੇ ਪਿੱਛੇ ਖੜੇ ਹਨ।”