Rahul gandhi on jyotiraditya scindia : ਰਾਹੁਲ ਗਾਂਧੀ ਨੇ ਆਪਣੇ ਪੁਰਾਣੇ ਸਾਥੀ ਅਤੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਹ ਕਾਂਗਰਸ ਵਿੱਚ ਹੁੰਦੇ ਤਾਂ ਉਹ ਮੁੱਖ ਮੰਤਰੀ ਬਣਦੇ। ‘ਸਿੰਧੀਆ’ ਰਾਹੀਂ ਉਨ੍ਹਾਂ ਨੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਕਾਂਗਰਸ ਦੇ ਸੰਗਠਨ ਦੀ ਮਹੱਤਤਾ ਬਾਰੇ ਦੱਸਿਆ ਹੈ। ਸੂਤਰਾਂ ਅਨੁਸਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਿੰਧੀਆ ਕੋਲ ਕਾਂਗਰਸ ਵਰਕਰਾਂ ਨਾਲ ਕੰਮ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਵਿਕਲਪ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ, ਇੱਕ ਦਿਨ ਤੁਸੀਂ ਮੁੱਖ ਮੰਤਰੀ ਬਣੋਗੇ। ਪਰ ਉਨ੍ਹਾਂ ਨੇ ਇੱਕ ਹੋਰ ਰਸਤਾ ਚੁਣਿਆ।
ਸਾਬਕਾ ਕਾਂਗਰਸ ਪ੍ਰਧਾਨ ਨੇ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਅੱਜ ਸਿੰਧੀਆ ਬੀਜੇਪੀ ਵਿੱਚ ਬੈਕਬੈਂਚਰ ਹਨ। ਸੂਤਰਾਂ ਅਨੁਸਾਰ ਰਾਹੁਲ ਨੇ ਕਿਹਾ, “ਲਿਖ ਕੇ ਲੈ ਲਾਓ, ਉਹ ਕਦੇ ਵੀ ਉੱਥੇ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਨੂੰ ਇੱਥੇ ਹੀ ਵਾਪਿਸ ਆਉਣਾ ਪਏਗਾ।” ਰਾਹੁਲ ਨੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਆਰਐਸਐਸ ਦੀ ਵਿਚਾਰਧਾਰਾ ਨਾਲ ਲੜਨ ਅਤੇ ਕਿਸੇ ਤੋਂ ਵੀ ਨਾ ਡਰਨ ਦੀ ਨਸੀਹਤ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਸਿੰਧੀਆ 11 ਮਾਰਚ, 2020 ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਦਿਗਵਿਜੇ ਸਿੰਘ ਨਾਲ ਟਕਰਾਅ ਦੇ ਵਿਚਕਾਰ ਭਾਜਪਾ ਵਿੱਚ ਸ਼ਾਮਿਲ ਹੋਏ ਸਨ।