Rahul Gandhi urges PM Modi: ਨਵੀਂ ਦਿੱਲੀ: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਾਲੇ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹੌਲੀ ਟੀਕਾਕਰਨ ਕਰਨ ਦਾ ਦੋਸ਼ ਲਗਾਇਆ ਹੈ । ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਮੁਹਿੰਮ ਵਿੱਚ ਸੁਧਾਰ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ । ਇਸ ਪੱਤਰ ਵਿੱਚ ਰਾਹੁਲ ਗਾਂਧੀ ਨੇ ਟੀਕਿਆਂ ਦੀ ਘਾਟ ਅਤੇ ਟੀਕਾਕਰਨ ਦੀ ਰਫ਼ਤਾਰ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ । ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਕਈ ਸੁਝਾਅ ਦਿੱਤੇ ਹਨ ।
ਪੱਤਰ ਵਿੱਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਇਸ ਸਮੇਂ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ । ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਨੇ ਮਿਲ ਕੇ ਕੋਰੋਨਾ ਨੂੰ ਖਤਮ ਕਰਨ ਲਈ ਇੱਕ ਵੈਕਸੀਨ ਬਣਾਈ, ਪਰ ਸਰਕਾਰ ਨੇ ਟੀਕਾਕਰਨ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ।” ਉਨ੍ਹਾਂ ਕਿਹਾ,“ਦੇਸ਼ ਵਿੱਚ ਟੀਕਾਕਰਨ ਇੰਨੀ ਹੌਲੀ ਹੋ ਰਹੀ ਹੈ ਕਿ 75% ਲੋਕਾਂ ਨੂੰ ਡੋਜ਼ ਦੇਣ ਵਿੱਚ ਸਾਲਾਂ ਦਾ ਸਮਾਂ ਲੱਗੇਗਾ।”
ਰਾਹੁਲ ਗਾਂਧੀ ਨੇ ਕਿਹਾ, “ਅਸੀਂ ਬਿਨ੍ਹਾਂ ਕਿਸੇ ਕਾਰਨ ਵਿਦੇਸ਼ਾਂ ਵਿੱਚ ਵੈਕਸੀਨ ਦੀ ਖੁਰਾਕ ਵੰਡ ਰਹੇ ਹਾਂ, ਜਦੋਂ ਕਿ ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਵੈਕਸੀਨ ਦੀ ਕਮੀ ਹੋ ਰਹੀ ਹੈ। ਰਾਜ ਕਈ ਦਿਨਾਂ ਤੋਂ ਟੀਕੇ ਦੀ ਘਾਟ ਦਾ ਮੁੱਦਾ ਚੁੱਕ ਰਹੇ ਹਨ ਅਤੇ ਕੇਂਦਰੀ ਸਿਹਤ ਮੰਤਰੀ ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਨਿਸ਼ਾਨਾ ਬਣਾ ਰਹੇ ਹਨ ।” ਉਨ੍ਹਾਂ ਇਹ ਅਪੀਲ ਕੀਤੀ ਕਿ ਟੀਕੇ ਦੇ ਨਿਰਯਾਤ ‘ਤੇ ਤੁਰੰਤ ਰੋਕ ਲਗਾਈ ਜਾਵੇ । ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੂਜੇ ਟੀਕਿਆਂ ਨੂੰ ਤੁਰੰਤ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਨੂੰ ਟੀਕੇ ਦੀ ਜ਼ਰੂਰਤ ਹੈ ਉਸਦੇ ਲਈ ਟੀਕਾਕਰਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਟੀਕਾਕਰਨ ਲਈ ਨਿਰਧਾਰਤ ਕੀਤੀ ਗਈ ਰਕਮ ਨੂੰ ਵਧਾ ਕੇ 35000 ਕਰੋੜ ਰੁਪਏ ਕੀਤਾ ਜਾਣਾ ਚਾਹੀਦਾ ਹੈ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਦਿਆਂ ਲਿਖਿਆ, “ਵਧਦੇ ਕੋਰੋਨਾ ਸੰਕਟ ਵਿੱਚ ਵੈਕਸੀਨ ਦੀ ਕਮੀ ਇੱਕ ਬਹੁਤ ਗੰਭੀਰ ਸਮੱਸਿਆ ਹੈ,’ਉਤਸਵ’ ਦੀ ਨਹੀਂ। ਆਪਣੇ ਦੇਸ਼ ਵਾਸੀਆਂ ਨੂੰ ਖਤਰੇ ਵਿੱਚ ਪਾ ਕੇ ਕੀ ਟੀਕਾ ਨਿਰਯਾਤ ਸਹੀ ਹੈ? ਕੇਂਦਰ ਸਰਕਾਰ ਨੂੰ ਸਾਰੇ ਰਾਜਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਸਾਰੇ ਰਾਜਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਂਮਾਰੀ ਨੂੰ ਹਰਾਉਣਾ ਹੈ।”