Railway minister piyush goyal : ਕੇਂਦਰ ਸਰਕਾਰ ‘ਤੇ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਰੇਲਵੇ ਦੇ ਨਿੱਜੀਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਰੇਲ ਮੰਤਰੀ ਪਿਯੂਸ਼ ਗੋਇਲ ਨੇ ਲੋਕਸਭਾ ਵਿੱਚ ਵਿਰੋਧੀ ਧਿਰ ਨੂੰ ਇਸ ਮੁੱਦੇ ‘ਤੇ ਨਿਸ਼ਾਨਾ ਬਣਾਇਆ। ਪੀਯੂਸ਼ ਗੋਇਲ ਨੇ ਕਿਹਾ ਕਿ ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਸਿਰਫ ਸਰਕਾਰੀ ਗੱਡੀਆਂ ਹੀ ਸੜਕਾਂ ‘ਤੇ ਚੱਲਣੀਆਂ ਚਾਹੀਦੀਆਂ ਹਨ। ਲੋਕ ਸਭਾ ਵਿੱਚ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਸਾਡੇ ‘ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਹੈ ਪਰ ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਸੜਕ ‘ਤੇ ਸਿਰਫ ਸਰਕਾਰੀ ਵਾਹਨ ਹੀ ਚੱਲਣ। ਕਿਉਂਕਿ ਨਿੱਜੀ ਅਤੇ ਸਰਕਾਰੀ ਦੋਵੇਂ ਵਾਹਨ ਆਰਥਿਕ ਗਤੀਵਿਧੀ ਨੂੰ ਅੱਗੇ ਵਧਾਉਂਦੇ ਹਨ। ਰੇਲ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਰੇਲਵੇ ਵਿੱਚ ਨਿੱਜੀ ਨਿਵੇਸ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਇਸ ਨਾਲ ਸਹੂਲਤਾਂ ਵਿੱਚ ਸੁਧਾਰ ਹੋਵੇਗਾ।
ਹਾਲਾਂਕਿ, ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਪੂਰਨ ਤੌਰ ‘ਤੇ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਇੱਕ ਸਰਕਾਰੀ ਜਾਇਦਾਦ ਹੈ ਅਤੇ ਸਰਕਾਰੀ ਰਹੇਗੀ। ਪਰ ਜੇ ਇਸ ਵਿੱਚ ਨਿੱਜੀ ਨਿਵੇਸ਼ ਆਉਂਦਾ ਹੈ, ਤਾਂ ਕਿਸੇ ਨੂੰ ਵੀ ਇਸ ਨਾਲ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਰੇਲਵੇ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਰੇਲਵੇ ਸਟੇਸ਼ਨ ‘ਤੇ ਇੱਕ ਵੇਟਿੰਗ ਰੂਮ, ਇੱਕ ਐਸਕਲੇਟਰ ਅਤੇ ਅਜਿਹੀਆਂ ਕਈ ਸਹੂਲਤਾਂ ਦੀ ਜ਼ਰੂਰਤ ਹੈ, ਇਸ ਲਈ ਉਨ੍ਹਾਂ ਲਈ ਨਿਵੇਸ਼ ਦੀ ਜ਼ਰੂਰਤ ਹੋਏਗੀ। ਅਸੀਂ ਲੱਗਭਗ 50 ਅਜਿਹੇ ਰੇਲਵੇ ਸਟੇਸ਼ਨ ਚੁਣੇ ਹਨ, ਜੋ ਆਧੁਨਿਕ ਢੰਗ ਨਾਲ ਬਣ ਰਹੇ ਹਨ। ਲੋਕ ਸਭਾ ਵਿੱਚ, ਪਿਯੂਸ਼ ਗੋਇਲ ਨੇ ਦੱਸਿਆ ਕਿ ਅਸੀਂ ਹੁਣ ਨਵੀਂ 44 ਵੰਦੇ ਭਾਰਤ ਰੇਲ ਗੱਡੀ ਚਲਾ ਰਹੇ ਹਾਂ, ਜਿਸਦਾ ਆਰਡਰ ਦੇ ਦਿੱਤਾ ਗਿਆ ਹੈ। ਰਸਤੇ ਜਲਦੀ ਨਿਰਧਾਰਤ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।