Rajasthan Religious places: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਦੀ ਲਾਗ ਫੈਲਣ ਦੇ ਨਾਲ ਹੀ ਲਾਕਡਾਊਨ ਲਗਾ ਦਿੱਤਾ ਗਿਆ ਸੀ। ਜਿਸ ਦੌਰਾਨ ਦੇਸ਼ ਦੇ ਸਾਰੇ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ । ਉੱਥੇ ਹੀ ਹੁਣ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਹੁਣ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਵੈਸ਼ਨੋ ਮਾਤਾ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਜਿਸ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਨੇ ਵੀ ਧਾਰਮਿਕ ਸਥਾਨ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਦਰਅਸਲ, ਰਾਜਸਥਾਨ ਦੀ ਗਹਿਲੋਤ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਹਨ । ਰਾਜਸਥਾਨ ਸਰਕਾਰ ਦੇ ਅਨੁਸਾਰ ਰਾਜ ਦੇ ਸਾਰੇ ਧਾਰਮਿਕ ਸਥਾਨ 7 ਸਤੰਬਰ ਤੋਂ ਖੋਲ੍ਹ ਦਿੱਤੇ ਜਾਣਗੇ। ਇਸਦੇ ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਮੰਦਰਾਂ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਇਸਦੇ ਨਾਲ ਸਮਾਜਿਕ ਦੂਰੀਆਂ ਦਾ ਵੀ ਖਿਆਲ ਰੱਖਣਾ ਮਹੱਤਵਪੂਰਨ ਹੋਵੇਗਾ। ਇਸ ਦੇ ਨਾਲ ਹੀ ਮੰਦਰ ਪ੍ਰਸ਼ਾਸਨ ਧਾਰਮਿਕ ਸਥਾਨਾਂ ਦੀ ਸਵੱਛਤਾ ਵੀ ਕਰੇਗਾ। ਜ਼ਿਲ੍ਹਾ ਕੁਲੈਕਟਰ ਅਤੇ ਪ੍ਰਬੰਧਕੀ ਅਧਿਕਾਰੀ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।
ਜ਼ਿਕਰਯੋਗ ਹੈ ਕਿ ਰਾਜ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 74,670 ਤੱਕ ਪਹੁੰਚ ਗਈ ਹੈ, ਜਦਕਿ 992 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਰਾਜਸਥਾਨ ਵਿੱਚ ਕੋਰੋਨਾ ਦੇ 1,345 ਨਵੇਂ ਸੰਕਰਮਿਤ ਮਾਮਲੇ ਸਾਹਮਣੇ ਆਏ ਤੇ 12 ਲੋਕਾਂ ਦੀ ਮੌਤ ਹੋ ਗਈ। ਰਾਜਸਥਾਨ ਵਿੱਚ ਇਸ ਸਮੇਂ 14,099 ਕੋਰੋਨਾ ਮਾਮਲੇ ਸਰਗਰਮ ਹਨ।