Rakesh tikait alleges government : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਹੈ ਕਿ ਪਿੱਛਲੇ ਕੁੱਝ ਦਿਨਾਂ ਤੋਂ ਕੇਂਦਰ ਸਰਕਾਰ ਦੀ ‘ਚੁੱਪ’ ਸੰਕੇਤ ਦੇ ਰਹੀ ਹੈ ਕਿ ਸਰਕਾਰ ਕਿਸਾਨੀ ਅੰਦੋਲਨ ਦੇ ਵਿਰੁੱਧ ਕੁੱਝ ਰੂਪ ਰੇਖਾ ਤਿਆਰ ਕਰ ਰਹੀ ਹੈ। ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ਦਾ ਦੌਰ ਰੋਕਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੁਬਾਰਾ ਗੱਲਬਾਤ ਕਰਨ ਦਾ ਪ੍ਰਸਤਾਵ ਲਿਆਉਣਾ ਹੋਵੇਗਾ। ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 96 ਵਾਂ ਦਿਨ ਹੈ। ਫਿਲਹਾਲ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਮਸਲੇ ਦਾ ਕੋਈ ਹੱਲ ਨਹੀਂ ਮਿਲਿਆ ਹੈ। ਇੱਕ ਪਾਸੇ, ਜਿੱਥੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹਨ, ਉਥੇ ਹੀ ਸਰਕਾਰ ਵੀ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ।
ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਉੱਤਰਾਖੰਡ ਦੇ ਊਧਮ ਸਿੰਘਨਗਰ ਜਾਂਦੇ ਸਮੇਂ ਬੀਤੇ ਦਿਨ ਬਿਜਨੌਰ ਦੇ ਅਫਜ਼ਲਗੜ ਵਿੱਚ ਪੱਤਰਕਾਰਾਂ ਨੂੰ ਕਿਹਾ, “15-20 ਦਿਨਾਂ ਤੋਂ ਕੇਂਦਰ ਸਰਕਾਰ ਦੀ ਚੁੱਪੀ ਇਹ ਸੰਕੇਤ ਦੇ ਰਹੀ ਹੈ ਕਿ ਕੁੱਝ ਹੋਣ ਵਾਲਾ ਹੈ। ਸਰਕਾਰ ਅੰਦੋਲਨ ਵਿਰੁੱਧ ਕੁੱਝ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਹੈ।” ਟਿਕੈਤ ਨੇ ਕਿਹਾ, “ਹੱਲ ਹੋਣ ਤੱਕ ਕਿਸਾਨ ਵਾਪਿਸ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹੈ, ਉਹ ਖੇਤੀ ਵੀ ਕਰੇਗਾ ਅਤੇ ਅੰਦੋਲਨ ਵੀ ਕਰੇਗਾ। ਸਰਕਾਰ ਕੋਲ ਜਦੋਂ ਸਮਾਂ ਹੋਵੇ ਤਾਂ ਗੱਲ ਕਰ ਲਵੇ।”