Ramswaroop sharma suspected death : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੇ ਸੰਸਦ ਮੈਂਬਰ, ਰਾਮਸਵਰੂਪ ਸ਼ਰਮਾ ਦੀ ਇੱਕ ਸ਼ੱਕੀ ਸਥਿਤੀ ਵਿੱਚ ਮੌਤ ਹੋ ਗਈ ਹੈ, ਹਾਲਾਂਕਿ ਖੁਦਕੁਸ਼ੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਘਟਨਾ ਸੰਸਦ ਮੈਂਬਰ ਦੀ ਦਿੱਲੀ ਰਿਹਾਇਸ਼ ਦੀ ਹੈ, ਜੋ ਕਿ ਦਿੱਲੀ ਦੇ ਆਰਐਮਐਲ ਹਸਪਤਾਲ ਦੇ ਨਜ਼ਦੀਕ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ, ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਸੂਤਰਾਂ ਅਨੁਸਾਰ 62 ਸਾਲਾ ਸੰਸਦ ਮੈਂਬਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸੀ। ਪਤਾ ਲੱਗਿਆ ਹੈ ਕਿ ਸੰਸਦ ਮੈਂਬਰ ਸਵੇਰੇ 6 ਜਾਂ 6.30 ਵਜੇ ਹਰ ਰੋਜ਼ ਜਾਗਦੇ ਸਨ, ਪਰ ਅੱਜ ਜਦੋਂ ਉਹ ਸਵੇਰੇ 6.30 ਵਜੇ ਤੱਕ ਨਹੀਂ ਉੱਠੇ ਤਾਂ ਉਨ੍ਹਾਂ ਦੇ ਪੀਏ ਨੇ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ।
ਜਾਣਕਾਰੀ ਮਿਲੀ ਹੈ ਕਿ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਹੀ ਦਰਵਾਜ਼ਾ ਤੋੜਿਆ ਅਤੇ ਦੇਖਿਆ ਗਿਆ ਕੇ ਉਨ੍ਹਾਂ ਨੇ ਪੱਖੇ ਨਾਲ ਫਾਹਾ ਲਗਾਇਆ ਹੋਇਆ ਸੀ। ਉਨ੍ਹਾਂ ਦੇ ਘਰੋਂ ਕਾਫ਼ੀ ਦਵਾਈਆਂ ਵੀ ਮਿਲੀਆਂ ਹਨ। ਰਾਮਸਵਰੂਪ ਦਾ ਜਨਮ 10 ਜੂਨ 1958 ਨੂੰ ਹੋਇਆ ਸੀ। ਸਾਲ 1980 ਵਿੱਚ ਉਨ੍ਹਾਂ ਨੇ ਚੰਪਾ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਨੇ ਹਿਮਾਚਲ ਵਿੱਚ ਸਿਵਲ ਸਪਲਾਈ ਦੇ ਉਪ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।