Sardar Patel Death Anniversary: ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ‘ਆਇਰਨ ਮੈਨ’ ਵਜੋਂ ਜਾਣੇ ਜਾਂਦੇ ਸਰਦਾਰ ਵੱਲਭਭਾਈ ਪਟੇਲ ਦੀ ਅੱਜ 75ਵੀਂ ਬਰਸੀ ਹੈ । 31 ਅਕਤੂਬਰ 1875 ਨੂੰ ਗੁਜਰਾਤ ਦੇ ਖੇੜਾ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ 15 ਦਸੰਬਰ 1950 ਨੂੰ ਮੁੰਬਈ ਵਿੱਚ ਦਿਲ ਦਾ ਦੌਰੇ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ”ਇੱਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੀ ਨੀਂਹ ਰੱਖਣ ਵਾਲੇ ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਤ-ਸ਼ਤ ਨਮਨ । ਉਨ੍ਹਾਂ ਦੇ ਦਿਖਾਏ ਮਾਰਗ ਸਦਾ ਸਾਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਪ੍ਰੇਰਿਤ ਕਰਦੇ ਰਹਿਣਗੇ।”
ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਸਰਦਾਰ ਪਟੇਲ ਨੂੰ ਭਾਰਤ ਦੀ ਏਕਤਾ ਦਾ ਪ੍ਰਤੀਕ ਦੱਸਿਆ ਅਤੇ ਕਿਹਾ, ‘ਸਰਦਾਰ ਪਟੇਲ ਜੀ ਦਾ ਜੀਵਨ ਅਤੇ ਸ਼ਖਸੀਅਤ ਇੰਨੀ ਵਿਸ਼ਾਲ ਹੈ ਕਿ ਸ਼ਬਦਾਂ ਵਿੱਚ ਕਹਿਣਾ ਸੰਭਵ ਨਹੀਂ ਹੈ। ਸਰਦਾਰ ਸਾਹਿਬ ਭਾਰਤ ਦੀ ਏਕਤਾ ਅਤੇ ਸ਼ਕਤੀ ਦੇ ਪ੍ਰਤੀਕ ਹਨ, ਉਨ੍ਹਾਂ ਨੇ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰ ਇੱਕ ਅਖੰਡ ਭਾਰਤ ਨੂੰ ਰੂਪ ਦਿੱਤਾ। ਉਨ੍ਹਾਂ ਦੀ ਦ੍ਰਿੜ ਲੀਡਰਸ਼ਿਪ ਅਤੇ ਰਾਸ਼ਟਰੀ ਸਮਰਪਣ ਹਮੇਸ਼ਾਂ ਸਾਡੀ ਅਗਵਾਈ ਕਰੇਗਾ।’
ਦੱਸ ਦੇਈਏ ਕਿ ਸਰਦਾਰ ਪਟੇਲ ਨੇ ਦੇਸ਼ ਦੀ ਆਜ਼ਾਦੀ ਵਿੱਚ ਤਾਂ ਆਪਣਾ ਯੋਗਦਾਨ ਦਿੱਤਾ ਹੀ ਸੀ, ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਨੂੰ ਇਕਜੁੱਟ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ । 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ, ਉਦੋਂ ਦੇਸ਼ ਵਿੱਚ 550 ਤੋਂ ਵੱਧ ਛੋਟੀਆਂ ਤੇ ਵੱਡੀਆਂ ਰਿਆਸਤਾਂ ਸਨ । ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਿਆਸਤਾਂ ਨੇ ਆਜ਼ਾਦ ਰਹਿਣ ਦਾ ਫ਼ੈਸਲਾ ਕੀਤਾ ਸੀ, ਪਰ ਸਰਦਾਰ ਪਟੇਲ ਨੇ ਇਨ੍ਹਾਂ ਸਭ ਨੂੰ ਜੋੜ ਕੇ ਇੱਕ ਸੰਯੁਕਤ ਭਾਰਤ ਦਾ ਨਿਰਮਾਣ ਕੀਤਾ।