Satyapal malik supported agitating farmers : ਮੇਘਾਲਿਆ ਦੇ ਰਾਜਪਾਲ ਸੱਤਿਆਲ ਮਲਿਕ ਨੇ ਐਤਵਾਰ ਨੂੰ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਿਸ ਦੇਸ਼ ਦੇ ਕਿਸਾਨ ਅਤੇ ਨੌਜਵਾਨ ਅਸੰਤੁਸ਼ਟ ਹਨ, ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦਾ। ਮਲਿਕ ਨੇ ਇੱਥੇ ਗ੍ਰਹਿ ਜ਼ਿਲ੍ਹਾ ਵਿਖੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਜੇ ਕੇਂਦਰ ਸਰਕਾਰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਮਾਨਤਾ ਦੇਵੇ ਤਾਂ ਪ੍ਰਦਰਸ਼ਨਕਾਰੀ ਕਿਸਾਨ ਵੀ ਮੰਨ ਜਾਣਗੇ। ਉਨ੍ਹਾਂ ਕਿਹਾ, “ਅੱਜ ਦੀ ਤਰੀਕ ‘ਚ ਕੋਈ ਵੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਲਾਗੂ ਨਹੀਂ ਹੈ। ਇਸ ਸਥਿਤੀ ਨੂੰ ਸਹੀ ਕੀਤਾ ਜਾਣਾ ਚਾਹੀਦਾ ਹੈ। ਜਿਸ ਦੇਸ਼ ਦੇ ਕਿਸਾਨ ਅਤੇ ਜਵਾਨ ਅਸੰਤੁਸ਼ਟ ਹੋਣਗੇ, ਉਹ ਦੇਸ਼ ਅੱਗੇ ਨਹੀਂ ਵੱਧ ਸਕਦਾ। ਕੋਈ ਵੀ ਉਸ ਦੇਸ਼ ਨੂੰ ਨਹੀਂ ਬਚਾ ਸਕਦਾ। ਇਸ ਲਈ ਆਪਣੀ ਫੌਜ ਅਤੇ ਕਿਸਾਨ ਨੂੰ ਸੰਤੁਸ਼ਟ ਰੱਖੋ।”
ਕਿਸਾਨਾਂ ਦੀ ਹਾਲਤ ਦਾ ਜ਼ਿਕਰ ਕਰਦਿਆਂ ਮਲਿਕ ਨੇ ਕਿਹਾ, “ਇਨ੍ਹਾਂ ਵਿਚਾਰਿਆ ਦੀ ਸਥਿਤੀ ਵੱਲ ਦੇਖੋ। ਜਿਹੜੀ ਚੀਜ਼ (ਫਸਲ) ਉਹ ਪੈਦਾ ਕਰਦੇ ਹਨ ਦੀ ਕੀਮਤ ਹਰ ਸਾਲ ਘੱਟ ਜਾਂਦੀ ਹੈ ਅਤੇ ਜਿਹੜੀਆਂ ਚੀਜ਼ਾਂ ਉਹ ਖਰੀਦਦੇ ਹਨ, ਉਨ੍ਹਾਂ ਦੀਆਂ ਕੀਮਤਾਂ ਵਧਦੀਆਂ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਵੇਂ ਗਰੀਬ ਹੁੰਦੇ ਜਾ ਰਹੇ ਹਨ। ਜਦੋਂ ਉਹ (ਬੀਜ) ਬੀਜਦੇ ਹਨ, ਤਾਂ ਕੀਮਤ ਕੁੱਝ ਹੁੰਦੀ ਹੈ ਅਤੇ ਵਾਢੀ ਕਰਨ ਵੇਲੇ ਇਹ 300 ਰੁਪਏ ਘੱਟ ਜਾਂਦੀ ਹੈ।” ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ਲਈ ਭਾਜਪਾ ਵੱਲੋਂ ਕੀਤੀ ਜਾ ਰਹੀ ਦਲੀਲ ਬਾਰੇ ਚੁਟਕੀ ਲੈਂਦਿਆਂ ਮਲਿਕ ਨੇ ਕਿਹਾ, “ਬਹੁਤ ਜ਼ਿਆਦਾ ਰੌਲਾ ਪਾਇਆ ਗਿਆ ਹੈ ਕਿ ਕਿਸਾਨ ਕਿਤੇ ਵੀ (ਫਸਲਾਂ) ਵੇਚ ਸਕਦੇ ਹਨ। ਇਹ 15 ਸਾਲ ਪੁਰਾਣਾ ਕਾਨੂੰਨ ਹੈ, ਪਰ ਇਸ ਦੇ ਬਾਵਜੂਦ, ਜਦੋਂ ਮਥੁਰਾ ਦੇ ਕਿਸਾਨ ਕਣਕ ਲੈ ਕੇ ਪਲਵਾਲ ਜਾਂਦੇ ਹਨ, ਤਾਂ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ ਜਾਂਦਾ ਹੈ। ਜਦੋਂ ਸੋਨੀਪਤ ਦਾ ਕਿਸਾਨ ਨਰੇਲਾ ਜਾਂਦਾ ਹੈ, ਤਾਂ ਉਸ ‘ਤੇ ਲਾਠੀਚਾਰਜ ਕੀਤਾ ਜਾਂਦਾ ਹੈ।”
ਉਨ੍ਹਾਂ ਕਿਹਾ, “ਕਿਸਾਨਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ, ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਹੈ। ਮੈਂ ਅਜੇ ਵੀ ਇਸ ਮਸਲੇ ਨੂੰ ਕਿਸੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕਿਸਾਨਾਂ ਦੇ ਮਾਮਲੇ ਵਿੱਚ, ਮੈ ਜਿੰਨਾ ਵੀ ਅੱਗੇ ਜਾ ਸਕਦਾ ਹੋਇਆ, ਮੈ ਜਾਵਾਂਗਾ। ਮੈਂ ਕਿਸਾਨਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਉਨ੍ਹਾਂ ਦੀ ਪੂਰੀ ਅਰਥਵਿਵਸਥਾ ਬਾਰੇ ਜਾਣੂ ਹਾਂ। ਇਸ ਦੇਸ਼ ਵਿੱਚ ਕਿਸਾਨ ਬਹੁਤ ਬੁਰੀ ਸਥਿਤੀ ‘ਚ ਹਨ।” ਆਪ੍ਰੇਸ਼ਨ ਬਲਿਊ ਸਟਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਮਲਿਕ ਨੇ ਕਿਹਾ, “… ਮੈਂ ਨਹੀਂ ਜਾਣਦਾ ਤੁਹਾਡੇ ਵਿੱਚੋਂ ਕਿੰਨੇ ਕੁ ਜਾਣਦੇ ਹਨ, ਪਰ ਮੈਂ ਸਿੱਖਾਂ ਨੂੰ ਜਾਣਦਾ ਹਾਂ। ਜਦੋਂ ਸ਼੍ਰੀਮਤੀ ਗਾਂਧੀ (ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ) ਨੇ ਆਪ੍ਰੇਸ਼ਨ ਬਲਿਊ ਸਟਾਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਨੇ ਇੱਕ ਮਹੀਨੇ ਲਈ ਆਪਣੇ ਫਾਰਮ ਹਾਊਸ ਵਿੱਚ ਮਹਾ ਮੌਤੂੰਜਯ ਯੱਗ ਕਰਵਾਇਆ ਸੀ।” ਉਨ੍ਹਾਂ ਕਿਹਾ, “ਅਰੁਣ ਨਹਿਰੂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ (ਇੰਦਰਾ ਗਾਂਧੀ) ਪੁੱਛਿਆ ਕਿ ਜੇ ਤੁਸੀਂ ਇਸ ‘ਤੇ ਯਕੀਨ ਨਹੀਂ ਕਰਦੇ ਤਾਂ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਹਾਨੂੰ ਨਹੀਂ ਪਤਾ, ਮੈਂ ਉਨ੍ਹਾਂ ਦਾ ਅਕਾਲ ਤਖਤ ਤੋੜਿਆ ਹੈ। ਉਹ ਮੈਨੂੰ ਨਹੀਂ ਛੱਡਣਗੇ ਉਨ੍ਹਾਂ ਨੂੰ ਪਤਾ ਸੀ ਕਿ ਅਜਿਹਾ ਹੋਵੇਗਾ।”
ਮਲਿਕ ਨੇ ਕਿਹਾ, “ਹੁਣ ਜਦੋਂ ਮੈਂ ਦੇਖਿਆ ਕਿ ਕਿਸਾਨਾਂ ਦੇ ਮਾਮਲੇ ਵਿੱਚ ਕੀ ਹੋ ਰਿਹਾ ਹੈ, ਮੈਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ ਅਤੇ ਮੈਂ ਆਪਣੀ ਗੱਲ ਰੱਖੀ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੂੰ ਕਿਹਾ ਕਿ ਮੇਰੀਆਂ ਦੋ ਪ੍ਰਾਰਥਨਾਵਾਂ ਹਨ… ਇੱਕ ਤਾਂ ਇਹ ਕਿ ਉਹ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਾਲੀ ਹੱਥ ਨਾ ਭੇਜਣ ਕਿਉਂਕਿ ਇਹ ਸਰਦਾਰ (ਸਿੱਖ) ਲੋਕ 300 ਸਾਲਾਂ ਲਈ ਕਿਸੇ ਗੱਲ ਨੂੰ ਯਾਦ ਰੱਖਦੇ ਹਨ। ਦੂਜੀ ਇਹ ਕੇ ਉਨ੍ਹਾਂ ‘ਤੇ ਤਾਕਤ ਦੀ ਵਰਤੋਂ ਨਾ ਕਰਨਾ। ਜਿਸ ਦਿਨ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫਤਾਰੀ ਬਾਰੇ ਅਵਾਜ਼ ਆਈ, ਉਸ ਵਕਤ ਮੈਂ ਵੀ ਦਖਲ ਦਿੱਤਾ ਅਤੇ ਗ੍ਰਿਫਤਾਰੀ ਨੂੰ ਰੋਕਿਆ।” ਉਨ੍ਹਾਂ ਕਿਹਾ, “ਕੱਲ੍ਹ ਹੀ ਮੈਂ ਇੱਕ ਬਹੁਤ ਵੱਡੇ ਪੱਤਰਕਾਰ ਨੂੰ ਮਿਲਿਆ ਹਾਂ, ਜੋ ਪ੍ਰਧਾਨ ਮੰਤਰੀ ਦਾ ਬਹੁਤ ਚੰਗਾ ਦੋਸਤ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਕੋਸ਼ਿਸ਼ ਕਰ ਲਈ ਹੈ, ਹੁਣ ਤੁਸੀਂ ਉਨ੍ਹਾਂ ਨੂੰ ਸਮਝਾਓ। ਕਿਸਾਨਾਂ ਨੂੰ ਜ਼ਲੀਲ ਕਰ ਉਨ੍ਹਾਂ ਨੂੰ ਦਿੱਲੀ ਤੋਂ ਭੇਜਣਾ … ਇਹ ਗਲਤ ਤਰੀਕਾ ਹੈ। ਸਿਰਫ ਜੇਕਰ ਐਮਐਸਪੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦਿੱਤੀ ਜਾਂਦੀ ਹੈ, ਤਾਂ ਪੂਰਾ ਮਾਮਲਾ ਠੀਕ ਹੋ ਜਾਵੇਗਾ।”