Schools Reopening Today: ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਅੱਜ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਹਨ । ਇਹ ਫੈਸਲਾ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸ ਦੇਈਏ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਬੋਰਡ ਦੀ ਪ੍ਰੀਖਿਆ ਦੇ ਮੱਦੇਨਜ਼ਰ ਸਕੂਲ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਾਂ।
ਇਸ ਸਬੰਧੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਦਿੱਲੀ ਵਿੱਚ CBSE ਬੋਰਡ ਪ੍ਰੀਖਿਆਵਾਂ ਅਤੇ ਪ੍ਰੈਕਟੀਕਲ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਕਲਾਸ ਲਈ 18 ਜਨਵਰੀ ਤੋਂ ਪ੍ਰੈਕਟੀਕਲ, ਪ੍ਰੋਜੈਕਟ, ਕਾਉਂਸਲਿੰਗ ਆਦਿ ਲਈ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਜਾ ਰਹੀ ਹੈ । ਬੱਚਿਆਂ ਨੂੰ ਸਿਰਫ ਮਾਪਿਆਂ ਦੀ ਸਹਿਮਤੀ ਨਾਲ ਬੁਲਾਇਆ ਜਾ ਸਕੇਗਾ । ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।’
ਉੱਥੇ ਹੀ ਦੂਜੇ ਪਾਸੇ ਜੈਪੁਰ-ਰਾਜਸਥਾਨ ਵਿੱਚ ਵੀ ਅੱਜ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਖੋਲ੍ਹੇ ਜਾ ਰਹੇ ਹਨ । ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਸਕੂਲ, ਯੂਨੀਵਰਸਿਟੀ ਅਤੇ ਕਾਲਜ ਦੀਆਂ ਅੰਤਿਮ ਸਾਲ ਦੀਆਂ ਕਲਾਸਾਂ, ਕੋਚਿੰਗ ਸੈਂਟਰਾਂ ਅਤੇ ਸਰਕਾਰੀ ਸਿਖਲਾਈ ਸੰਸਥਾਵਾਂ ਨੂੰ 18 ਜਨਵਰੀ ਤੋਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 16 ਮਾਰਚ 2020 ਨੂੰ ਕੇਜਰੀਵਾਲ ਸਰਕਾਰ ਨੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਸਨ । ਉਸ ਸਮੇਂ ਤੋਂ ਰਾਜਧਾਨੀ ਦੇ ਸਾਰੇ ਸਕੂਲ ਬੰਦ ਹਨ । ਹਾਲਾਂਕਿ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਹੁਣ ਕੋਰੋਨਾ ਦੀ ਰਫ਼ਤਾਰ ਘਟਣ ਤੇ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਦੇ ਨਾਲ ਹੀ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅੱਜ ਸਵੇਰੇ 9.30 ਵਜੇ ਚਿਰਾਗ ਦਿੱਲੀ ਸਥਿਤ ਕੌਟਿਲਆ ਸਰਕਾਰੀ ਸਰਬੋਦਿਆ ਬਾਲ ਵਿਦਿਆਲਿਆ ਸਕੂਲ ਜਾਣਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ।