Serum Institute gets WHO approval: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਆਕਸਫੋਰਡ ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਹੁਣ ਇਸ ਵੈਕਸੀਨ ਦੀ ਵਰਤੋਂ ਦੁਨੀਆ ਦੇ ਗਰੀਬ ਦੇਸ਼ਾਂ ਵਿੱਚ ਕੋਰੋਨਾ ਖਿਲਾਫ ਟੀਕਾਕਰਨ ਲਈ ਕੀਤੀ ਜਾਵੇਗੀ। WHO ਨੇ ਸੋਮਵਾਰ ਨੂੰ ਕੋਰੋਨਾ ਦੀਆਂ ਦੋ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਹੈ। ਇਹ ਦੋਵੇਂ ਵੈਕਸੀਨ ਆਕਸਫੋਰਡ ਐਸਟਰਾਜ਼ੇਨੇਕਾ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇੱਕ ਵੈਕਸੀਨ ਨੂੰ ਭਾਰਤ ਸੀਰਮ ਇੰਸਟੀਚਿਊਟ ਆਫ ਇੰਡੀਆ ਬਣਾਉਂਦੀ ਹੈ, ਜਦੋਂਕਿ ਦੂਜੀ ਵੈਕਸੀਨ ਨੂੰ ਦੱਖਣੀ ਕੋਰੀਆ ਦੇ ਐਸਕੇ ਬਾਇਓ ਨਾਮ ਦੀ ਕੰਪਨੀ ਬਣਾਉਂਦੀ ਹੈ।
ਇਸ ਸਬੰਧੀ WHO ਦੇ ਮੁਖੀ ਟੇਡਰੋਸ ਅਧਾਨੋਮ ਨੇ ਕਿਹਾ ਕਿ ਇਸ ਗ੍ਰੀਨ ਸਿਗਨਲ ਦੇ ਨਾਲ ਹੀ ਹੁਣ ਕੋਵੈਕਸ ਪ੍ਰੋਗਰਾਮ ਦੇ ਤਹਿਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਵੈਕਸੀਨ ਨੂੰ ਦਿੱਤੇ ਜਾਣ ਦਾ ਰਾਹ ਖੁੱਲ੍ਹ ਗਿਆ ਹੈ। ਦੱਸ ਦੇਈਏ ਕਿ ਕੋਵੋਕਸ ਪ੍ਰੋਗਰਾਮ ਰਾਹੀਂ ਦੁਨੀਆ ਦੇ ਗਰੀਬ ਦੇਸ਼ਾਂ ਨੂੰ WHO ਵੱਲੋਂ ਕੋਰੋਨਾ ਦੀ ਵੈਕਸੀਨ ਪਹੁੰਚਾਈ ਜਾ ਰਹੀ ਹੈ। ਇਸ ਸਬੰਧ ਵਿੱਚ ਸੋਮਵਾਰ ਨੂੰ ਆਕਸਫੋਰਡ ਐਸਟਰਾਜ਼ੇਨੇਕਾ ਦੀਆਂ ਦੋ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਗਈ। ਇਨ੍ਹਾਂ ਵਿੱਚੋਂ ਇੱਕ ਵੈਕਸੀਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਬਣਾਉਂਦੀ ਹੈ, ਜਦਕਿ ਦੂਜੀ ਵੈਕਸੀਨ ਦੱਖਣੀ ਕੋਰੀਆ ਦੀ ਕੰਪਨੀ ਬਣਾਉਂਦੀ ਹੈ।
WHO ਅਨੁਸਾਰ ਦੁਨੀਆ ਦੇ ਜਿਨ੍ਹਾਂ ਦੇਸ਼ਾਂ ਨੂੰ ਹੁਣ ਤੱਕ ਵੈਕਸੀਨ ਨਹੀਂ ਮਿਲ ਸਕੀ ਸੀ ਤੇ ਜਿੱਥੇ ਦੀ ਅਬਾਦੀ ਕੋਰੋਨਾ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਸੀ, ਉੱਥੇ ਹੁਣ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਸਕੇਗੀ। ਦੱਸ ਦੇਈਏ ਕਿ WHO ਵੈਕਸੀਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਦੀ ਸੁਰੱਖਿਆ, ਗੁਣਵਤਾ ਦਾ ਅਧਿਐਨ ਕਰਦੀ ਹੈ। ਇਸ ਮਨਜ਼ੂਰੀ ਤੋਂ ਬਾਅਦ ਵੈਕਸੀਨ ਨੂੰ ਮੰਗਾਉਣ ਵਿੱਚ ਝਿਜਕ ਰਹੇ ਦੇਸ਼ ਆਪਣਾ ਵੀ ਟੀਕਾਕਰਨ ਪ੍ਰੋਗਰਾਮ ਜਲਦੀ ਸ਼ੁਰੂ ਕਰ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਅੱਗੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਹਾਲਾਂਕਿ ਭਾਰਤ ਅਤੇ ਦੱਖਣੀ ਕੋਰੀਆ ਦੀਆਂ ਦੋਵੇਂ ਕੰਪਨੀਆਂ ਇੱਕੋ ਵੈਕਸੀਨ ਤਿਆਰ ਕਰ ਰਹੀਆਂ ਹਨ, ਪਰ ਵੱਖ-ਵੱਖ ਉਤਪਾਦਨ ਪਲਾਂਟ ਹੋਣ ਕਾਰਨ ਉਨ੍ਹਾਂ ਦੀ ਵੱਖਰੀ ਸਮੀਖਿਆ ਕੀਤੀ ਗਈ ਅਤੇ ਵੱਖਰੀ ਪ੍ਰਵਾਨਗੀ ਦਿੱਤੀ ਗਈ। WHO ਅਨੁਸਾਰ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨਿਰਮਾਤਾਵਾਂ ਨਾਲ ਖੋਜ ਦੇ ਦਸਤਾਵੇਜ਼ ਮਿਲਣ ਤੋਂ ਬਾਅਦ ਸਿਰਫ ਚਾਰ ਹਫਤਿਆਂ ਵਿੱਚ ਪੂਰੀ ਕਰ ਲਈ ਗਈ।