Shashi tharoor reacts : ਬ੍ਰਿਟਿਸ਼ ਸੰਸਦ ਵਿੱਚ ਕਿਸਾਨ ਅੰਦੋਲਨ ਉੱਤੇ ਹੋਏ ‘ਅਣਉਚਿਤ ਵਿਚਾਰ ਵਟਾਂਦਰੇ’ ਲਈ ਭਾਰਤ ਸਰਕਾਰ ਨੇ ਮੰਗਲਵਾਰ ਨੂੰ ਭਾਰਤ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਨੂੰ ਸੰਮਨ ਭੇਜਿਆ ਸੀ। ਇਸ ‘ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕਿਸੇ ਵੀ ਲੋਕਤੰਤਰ ਵਿੱਚ ਕੋਈ ਵੀ ਕਿਸੇ ਵੀ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਆਜ਼ਾਦ ਹੈ। ਸ਼ਸ਼ੀ ਥਰੂਰ, ਜੋ ਯੂ ਪੀ ਏ ਦੇ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਰਹੇ ਸਨ, ਨੇ ਕਿਹਾ ਕਿ ‘ਜਿਸ ਤਰੀਕੇ ਨਾਲ ਅਸੀਂ ਭਾਰਤ ਵਿੱਚ ਫਿਲਸਤੀਨ-ਇਜ਼ਰਾਈਲ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਕਰ ਰਹੇ ਹਾਂ ਜਾਂ ਕਰਦੇ ਰਹੇ ਹਾਂ, ਜਾਂ ਜੇ ਅਸੀਂ ਕਿਸੇ ਹੋਰ ਦੇਸ਼ ਦੇ ਘਰੇਲੂ ਮੁੱਦੇ ‘ਤੇ ਵਿਚਾਰ ਕਰਨਾ ਚਾਹੁੰਦੇ ਹਾਂ ਤਾਂ ਕਰ ਸਕਦੇ ਹਾਂ, ਇਸੇ ਤਰ੍ਹਾਂ, ਬ੍ਰਿਟਿਸ਼ ਸੰਸਦ ਕੋਲ ਵੀ ਅਜਿਹਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ “ਇਸ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਉਹ ਆਪਣਾ ਕੰਮ ਆਪਣੇ ਦ੍ਰਿਸ਼ਟੀਕੋਣ ਨਾਲ ਕਰ ਰਹੀ ਹੈ, ਪਰ ਸਾਨੂੰ ਇਹ ਸਮਝਣਾ ਪਏਗਾ ਕਿ ਦੂਜਾ ਦ੍ਰਿਸ਼ਟੀਕੋਣ ਵੀ ਹੁੰਦਾ ਹੈ ਅਤੇ ਲੋਕਤੰਤਰ ਵਿੱਚ ਚੁਣੇ ਗਏ ਨੁਮਾਇੰਦੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੁਤੰਤਰ ਹਨ।” ਥਰੂਰ ਨੇ ਅੱਗੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਹੈ। ਸਾਨੂੰ ਇਸ ਨੂੰ ਲੋਕਤੰਤਰੀ ਦੇਸ਼ਾਂ ਦੇ ਵਿੱਚਕਾਰ ਹੁੰਦੀਆਂ ਰਹਿਣ ਵਾਲੀਆਂ ਚੀਜਾਂ ਦੇ ਤੌਰ ‘ਤੇ ਵੇਖਣਾ ਚਾਹੀਦਾ ਹੈ।” ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਵੀ ਇਸ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ ਸੀ ਅਤੇ ਕਿਹਾ ਸੀ ਕਿ ‘ਬ੍ਰਿਟਿਸ਼ ਸੰਸਦ ਵਿੱਚ ਭਾਰਤ ਦੇ ਖੇਤੀਬਾੜੀ ਸੁਧਾਰ ਕਾਨੂੰਨਾਂ ’ਤੇ ਅਣਉਚਿਤ ਅਤੇ ਵਿਵਾਦਪੂਰਨ ਵਿਚਾਰ ਵਟਾਂਦਰੇ ਲਈ ਸਰਕਾਰ ਨੇ ਆਪਣਾ ਸਖ਼ਤ ਵਿਰੋਧ ਜ਼ਾਹਿਰ ਕੀਤਾ ਹੈ।