Sitaram Yechury eldest son Ashish Yechury: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਦਿਨੋਂ-ਦਿਨ ਕੋਰੋਨਾ ਮਾਮਲੇ ਵਧਦੇ ਜਾ ਰਹੇ ਹਨ। ਇਸੇ ਵਿਚਾਲੇ CPM ਨੇਤਾ ਸੀਤਾਰਾਮ ਯੇਚੁਰੀ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਦੇ ਵੱਡੇ ਬੇਟੇ ਅਸ਼ੀਸ਼ ਯੇਚੁਰੀ ਦਾ ਅੱਜ ਸਵੇਰੇ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ । ਅਸ਼ੀਸ਼ ਕੋਰੋਨਾ ਵਾਇਰਸ ਨਾਲ ਪੀੜਿਤ ਸੀ, ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਉਹ ਜ਼ੇਰੇ ਇਲਾਜ ਸੀ । ਉਸਨੇ ਅੱਜ ਸਵੇਰੇ ਆਖਰੀ ਸਾਹ ਲਏ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਰਅਸਲ, ਅਸ਼ੀਸ਼ ਯੇਚੁਰੀ ਲਗਭਗ 35 ਸਾਲਾਂ ਦੇ ਸਨ। ਲਗਭਗ ਦੋ ਹਫ਼ਤਿਆਂ ਤੋਂ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਗੰਭੀਰ ਸਥਿਤੀ ਕਾਰਨ ਉਸਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਸ਼ੀਸ਼ ਤੋਂ ਇਲਾਵਾ ਸੀਤਾਰਾਮ ਯੇਚੁਰੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਧੀ ਹੈ ।
ਇਸ ਸਬੰਧੀ ਸੀਤਾਰਾਮ ਯੇਚੁਰੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਅੱਜ ਸਵੇਰੇ ਆਪਣੇ ਵੱਡੇ ਬੇਟੇ ਅਸ਼ੀਸ਼ ਯੇਚੁਰੀ ਨੂੰ ਕੋਵਿਡ ਦੇ ਕਾਰਨ ਗੁਆ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਉਮੀਦ ਦਿੱਤੀ ਅਤੇ ਜਿਨ੍ਹਾਂ ਨੇ ਉਸਦਾ ਇਲਾਜ ਕੀਤਾ । ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀ, ਸੈਨੀਟੇਸ਼ਨ ਕਰਮਚਾਰੀ ਅਤੇ ਹੋਰ ਲੋਕ ਜੋ ਸਾਡੇ ਨਾਲ ਖੜੇ ਹਨ … “
ਦੱਸ ਦੇਈਏ ਕਿ CPI (M) ਨੇ ਵੀ ਅਸ਼ੀਸ਼ ਯੇਚੁਰੀ ਦੇ ਦਿਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਪਾਰਟੀ ਨੇ ਵੀਰਵਾਰ ਸਵੇਰੇ ਇੱਕ ਟਵੀਟ ਵਿੱਚ ਕਿਹਾ, `ਸੀਤਾਰਾਮ ਯੇਚੁਰੀ ਅਤੇ ਇੰਦਰਾਣੀ ਮਜੂਮਦਾਰ ਦੇ ਪੁੱਤਰ ਅਸ਼ੀਸ਼ ਯੇਚੁਰੀ ਦੀ ਮੌਤ ਤੋਂ ਅਸੀਂ ਦੁਖੀ ਹਾਂ, ਉਸਦੀ ਮੌਤ ਕੋਰੋਨਾ ਕਾਰਨ ਹੋਈ, ਉਹ 35 ਸਾਲ ਦੇ ਸੀ, CPI ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ।