Subramanian swamy attacks on : ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਸਵਾਮੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਸੰਭਾਵਨਾ ਵਾਲੀ ਇੱਕ ਖ਼ਬਰ ‘ਤੇ ਟਵੀਟ ਕਰਦਿਆਂ ਲਿਖਿਆ, “ਕਸ਼ਮੀਰ ‘ਤੇ ਸਰੈਂਡਰ। ਅਲਵਿਦਾ POK। ਮੈਨੂੰ ਪੂਰਾ ਭਰੋਸਾ ਹੈ ਕਿ ਜਲਦੀ ਹੀ ਮੋਦੀ ਲੰਡਨ ਵਿੱਚ ਇਮਰਾਨ ਨਾਲ ਡਿਨਰ ਕਰਨਗੇ।” ਦੱਸ ਦੇਈਏ ਕਿ ਸਵਾਮੀ ਪਿੱਛਲੇ ਕੁੱਝ ਦਿਨਾਂ ਤੋਂ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਰਹੇ ਹਨ। ਦਰਅਸਲ, ਭਾਰਤ ਨਾਲ ਵਪਾਰ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਪਾਕਿਸਤਾਨ ਵਿੱਚ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕਰਨ ਲਈ ਤਿਆਰ ਹੈ, ਜੋ ਪਿੱਛਲੇ ਦੋ ਸਾਲਾਂ ਤੋਂ ਬੰਦ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਪੱਖ ਪੂਰਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਨੇ ਅਗਸਤ 2019 ਵਿੱਚ ਭਾਰਤ ਨਾਲ ਦੁਵੱਲੇ ਵਪਾਰ ਨੂੰ ਇਕਪਾਸੜ ਮੁਅੱਤਲ ਕਰ ਦਿੱਤਾ ਸੀ। ਹੁਣ ਇਹ ਪਾਕਿਸਤਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਇਕਪਾਸੜ ਫੈਸਲੇ ਦੀ ਸਮੀਖਿਆ ਕਰੇ।
ਮਹੱਤਵਪੂਰਨ ਗੱਲ ਇਹ ਹੈ ਕਿ ਪੀਐਮ ਮੋਦੀ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ‘ਤੇ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਪਾਕਿਸਤਾਨ ਨਾਲ ਸਦਭਾਵਨਾ ਸਬੰਧਾਂ ਦੀ ਇੱਛਾ ਰੱਖਦਾ ਹੈ। ਇਸ ਦੇ ਲਈ ਦਹਿਸ਼ਤ ਨੂੰ ਖਤਮ ਕਰਨਾ ਅਤੇ ਆਪਸੀ ਵਿਸ਼ਵਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਕੋਰੋਨਾ ਕਾਲ ਮਨੁੱਖਤਾ ਲਈ ਬਹੁਤ ਮਸੁਕਿਲ ਹੈ। ਮੈਂ ਤੁਹਾਡੀ ਅਤੇ ਪਾਕਿਸਤਾਨ ਦੇ ਲੋਕਾਂ ਲਈ ਇਸ ਚੁਣੌਤੀ ਦਾ ਬਹਾਦਰੀ ਨਾਲ ਸਾਹਮਣਾ ਕਰਨ ਦੀ ਕਾਮਨਾ ਕਰਦਾ ਹਾਂ। ਇਸ ਤੋਂ ਬਾਅਦ ਇਮਰਾਨ ਖਾਨ ਨੇ ਵੀ ਨਰਿੰਦਰ ਮੋਦੀ ਦੀ ਚਿੱਠੀ ਦਾ ਜਵਾਬ ਦਿੱਤਾ। ਉਨ੍ਹਾਂ ਸ਼ੁੱਭਕਾਮਨਾਵਾਂ ਦੇ ਸੰਦੇਸ਼ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਜੰਮੂ ਕਸ਼ਮੀਰ ਦਾ ਮੁੱਦਾ ਵੀ ਉਠਾਇਆ। ਇਮਰਾਨ ਨੇ ਲਿਖਿਆ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਦੇ ਹੱਲ ‘ਤੇ ਨਿਰਭਰ ਕਰਦੀ ਹੈ। ਖਾਨ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਦੇ ਲੋਕ ਭਾਰਤ ਸਮੇਤ ਸਾਰੇ ਗਵਾਂਢੀਆਂ ਨਾਲ ਸ਼ਾਂਤੀਪੂਰਣ ਸੰਬੰਧ ਚਾਹੁੰਦੇ ਹਨ।