Tamil Nadu announces complete lockdown: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇੱਕ ਪਾਸੇ ਜਿੱਥੇ ਦੇਸ਼ ਦੇ ਲੋਕ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਹੁਣ ਵਿਗਿਆਨੀਆਂ ਨੇ ਤੀਜੀ ਲਹਿਰ ਦੀ ਚੇਤਾਵਨੀ ਦੇ ਦਿੱਤੀ ਹੈ । ਇਸ ਵਿਚਾਲੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਤਾਮਿਲਨਾਡੂ ਸਰਕਾਰ ਨੇ ਦੋ ਹਫਤਿਆਂ ਲਈ ਮੁਕੰਮਲ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਦੀ ਲਾਗ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ ਦੋ ਹਫਤਿਆਂ ਲਈ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ।
ਦਰਅਸਲ, ਤਾਮਿਲਨਾਡੂ ਵਿੱਚ 10 ਤੋਂ 24 ਮਈ ਤੱਕ ਮੁਕੰਮਲ ਲਾਕਡਾਊਨ ਰਹੇਗਾ । ਤਾਮਿਲਨਾਡੂ ਸਰਕਾਰ ਵੱਲੋਂ ਕਰਿਆਨੇ, ਰਾਸ਼ਨ, ਮੀਟ ਦੀਆਂ ਦੁਕਾਨਾਂ ਦੁਪਹਿਰ 12 ਵਜੇ ਤੱਕ ਖੁੱਲਣ ਦੀ ਆਗਿਆ ਦਿੱਤੀ ਗਈ ਹੈ। ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਈ-ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਸੈਰ-ਸਪਾਟਾ ਸਥਾਨਾਂ ਦੀ ਯਾਤਰਾ ‘ਤੇ ਪਾਬੰਦੀ ਹੋਵੇਗੀ ।
ਦੱਸ ਦੇਈਏ ਕਿ ਤਾਮਿਲਨਾਡੂ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਤਾਮਿਲਨਾਡੂ ਵਿੱਚ ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 26,465 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 13 ਲੱਖ 23 ਹਜ਼ਾਰ 965 ਹੋ ਗਈ । ਪਿਛਲੇ 24 ਘੰਟਿਆਂ ਵਿੱਚ 197 ਮਰੀਜ਼ਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 15,171 ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ 22,381 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ। ਰਾਜ ਵਿੱਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 1 ਲੱਖ 35 ਹਜ਼ਾਰ 355 ਹੈ ।
ਇਹ ਵੀ ਦੇਖੋ: ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew , ਸੁਣੋ ਕੀ-ਕੀ ਖੁੱਲ੍ਹ ਸਕਦਾ