Tamilnadu virudhunagar fire accident : ਤਾਮਿਲਨਾਡੂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਭਾਰੀ ਅੱਗ ਲੱਗ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਸ਼ੁਰੂਆਤ ਵਿੱਚ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ ਪਰ ਹੁਣ ਇਹ ਅੰਕੜਾ 11 ਹੋ ਗਿਆ ਹੈ, ਜਦਕਿ 36 ਲੋਕ ਜ਼ਖਮੀ ਦੱਸੇ ਜਾ ਰਹੇ ਹਨ।। ਪੁਲਿਸ-ਪ੍ਰਸ਼ਾਸਨ ਦੀਆਂ ਟੀਮਾਂ ਵੀ ਆਸ ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਰਹੀਆਂ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਜਦਕਿ ਮੁੱਖ ਮੰਤਰੀ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ, ਜਦਕਿ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਚਸ਼ਮਦੀਦਾਂ ਦੇ ਅਨੁਸਾਰ, ਉਨ੍ਹਾਂ ਨੇ ਧਮਾਕੇ ਵਰਗੀ ਇੱਕ ਆਵਾਜ਼ ਸੁਣੀ ਸੀ, ਜਦੋਂ ਉਹ ਉੱਥੇ ਪਹੁੰਚੇ, ਤਾਂ ਫੈਕਟਰੀ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀ। ਸਥਾਨਕ ਲੋਕ ਬਚਾਅ ਕਾਰਜਾਂ ਵਿੱਚ ਪੁਲਿਸ-ਪ੍ਰਸ਼ਾਸਨ ਦੀ ਮਦਦ ਵੀ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪਟਾਖਿਆਂ ਦੀ ਫੈਕਟਰੀ ਕਾਰਨ ਭਾਰੀ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਹਿਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ “ਵਿਰੁਧੁਨਗਰ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਪ੍ਰਤੀ ਮੇਰੀ ਹਮਦਰਦੀ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਉਥੇ ਫਸੇ ਲੋਕ ਸੁਰੱਖਿਅਤ ਰਹਿਣ। ਇਸ ਤੋਂ ਇਲਾਵਾ, ਮੈਂ ਰਾਜ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੌਕੇ ‘ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ।”