Tattoo artists from : ਨਵੀਂ ਦਿੱਲੀ : ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਸਿੰਘੂ ਸਰਹੱਦ ’ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ਵਿੱਚ, ਪੰਜਾਬ ਤੋਂ ਆਏ ਟੈਟੂ ਕਲਾਕਾਰਾਂ ਦਾ ਸਮੂਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਸਮੂਹ ਦਾ ਨਾਂ ਹੈ ‘ਕ੍ਰੇਜ਼ੀ ਟੈਟੂ ਕਲੱਬ’। ਇਸ ਸਮੂਹ ਦੇ ਟੈਟੂ ਕਲਾਕਾਰ ਕਿਸਾਨੀ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਮੁਫਤ ਟੈਟੂ ਦੇ ਰਹੇ ਹਨ, ਜਿਸ ਕਾਰਨ ਇਸ ਸਟਾਲ ਵਿਚ ਨੌਜਵਾਨ ਕਿਸਾਨ ਅੰਦੋਲਨਕਾਰੀਆਂ ਦੀ ਭੀੜ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਗੱਲਬਾਤ ਕਰਦਿਆਂ ਟੈਟੂ ਕਲਾਕਾਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਪਿੱਛੇ ਮਨੋਰਥ ਸਿਰਫ ਇਹੀ ਹੈ ਕਿ ਕਿਸਾਨ ਸਾਡੇ ਜ਼ਰੀਏ ਕੁਝ ਯਾਦਾਂ ਲੈ ਕੇ ਜਾਣ। ਰਵਿੰਦਰ ਨੇ ਕਿਹਾ, “ਮੈਂ ਲੁਧਿਆਣਾ ਤੋਂ ਆਇਆ ਹਾਂ ਅਤੇ ਅਸੀਂ ਕਿਸਾਨਾਂ ਲਈ ਟੈਟੂ ਬਣਾ ਰਹੇ ਹਾਂ। ਇਸ ਦੇ ਪਿੱਛੇ ਵਿਚਾਰ ਪ੍ਰੋਟੈਸਟ ਨੂੰ ਪ੍ਰੇਰਿਤ ਕਰਨਾ ਹੈ। ਸਾਡੇ ਕੋਲ ਸ਼ੇਰ, ਟਰੈਕਟਰ, ਫਸਲ, ਕਿਸਾਨਾਂ, ਪੰਜਾਬ ਦਾ ਨਕਸ਼ਾ ਅਤੇ ਕਈ ਮੋਟੀਵੇਸ਼ਨਲ ਟੈਟੂ ਬਣਾਏ ਜਾਂਦੇ ਹਨ। “ਅਸੀਂ ਹੁਣ ਤਕ 30 ਤੋਂ ਵੱਧ ਟੈਟੂ ਬਣਾਏ ਹਨ।”
ਰਵਿੰਦਰ ਨੇ ਦੱਸਿਆ ਕਿ, ‘ਕੁਝ ਤਾਂ ਹੀ ਸੰਭਵ ਹੈ ਜਦੋਂ ਨੌਜਵਾਨ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਣਗੇ। ਅਸੀਂ ਸੋਚਦੇ ਹਾਂ ਕਿ ਨੌਜਵਾਨ ਟੈਟੂਆਂ ਦੇ ਜ਼ਰੀਏ ਅੰਦੋਲਨ ਵਿਚ ਸ਼ਾਮਲ ਹੋ ਸਕਦੇ ਹਨ। ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਸੰਦੇਸ਼ ਮਿਲ ਰਹੇ ਹਨ। ਇਨ੍ਹਾਂ ਟੈਟੂਆਂ ਵਿਚ ਪੰਜਾਬ ਦਾ ਨਕਸ਼ਾ, ਸ਼ੇਰ ਦਾ ਸਿਰ, ਫਸਲਾਂ ਦੀ ਕਟਾਈ ਦੀਆਂ ਤਸਵੀਰਾਂ, ਖੇਤ ਦੇ ਸਾਮਾਨ, ਟਰੈਕਟਰਾਂ ਆਦਿ ਸ਼ਾਮਲ ਹਨ। ‘ਕਰ ਹਰ ਮਰਦਾਨ ਫਤਿਹ’ ਅਤੇ ‘ਨਿਸ਼ਚੈ ਕਰ ਅਪਨੀ ਜੀਤ ਕਰੋ’ ਵਰਗੇ ਨਾਅਰੇ ਲਿਖੇ ਜਾ ਰਹੇ ਹਨ। ਟੈਟੂ ਬਣਾਉਣ ਦੀ ਕੀਮਤ 3500 ਤੋਂ 5 ਹਜ਼ਾਰ ਦੇ ਵਿਚਕਾਰ ਹੈ ਪਰ ਇਹ ਲੋਕ ਉਨ੍ਹਾਂ ਨੂੰ ਮੁਫਤ ਬਣਾ ਰਹੇ ਹਨ। ਦੱਸ ਦੇਈਏ ਕਿ ਕ੍ਰੇਜ਼ੀ ਟੈਟੂ ਗਰੁੱਪ ਵਿੱਚ ਸ਼ਾਮਲ ਲੋਕ ਸ਼ੁੱਕਰਵਾਰ ਸਵੇਰੇ ਦਿੱਲੀ-ਹਰਿਆਣਾ ਬਾਰਡਰ ‘ਤੇ ਪਹੁੰਚੇ। ਉਹ ਆਪਣੇ ਨਾਲ ਟੈਟੂ ਮਸ਼ੀਨਾਂ, ਨੀਡਲਜ਼ ਅਤੇ ਸਟੈਨਸਿਲ ਆਦਿ ਲੈ ਕੇ ਆਏ ਸਨ ਪਰ ਹੁਣ ਉਹ ਦੁਬਾਰਾ ਵਾਪਸ ਜਾਣਗੇ ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਤੋਂ ਟੈਟੂ ਬਣਵਾਉਣ ਆ ਰਹੇ ਹਨ ਕਿ ਹੁਣ ਉਨ੍ਹਾਂ ਨੂੰ ਹੋਰ ਸਮਾਨ ਲੈ ਕੇ ਵਾਪਸ ਆਉਣਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿਚ ਆਪਣੀ ਸੇਵਾ ਦੇ ਰਿਹਾ ਹੈ, ਅਸੀਂ ਵੀ ਇਹੋ ਕਰ ਰਹੇ ਹਾਂ।
ਹਰਵਿੰਦਰ ਸਿੰਘ, ਜੋ ਕਈ ਦਿਨਾਂ ਤੋਂ ਅੰਦੋਲਨ ਦੇ ਸਥਾਨ ‘ਤੇ ਮੌਜੂਦ ਸੀ, ਜਦੋਂ ਉਸ ਦੇ ਹੱਥ ‘ਤੇ ਪੰਜਾਬ ਦੇ ਨਕਸ਼ੇ ਦਾ ਟੈਟੂ ਬਣਿਆ ਤਾਂ ਉਹ ਕਾਫ਼ੀ ਉਤਸ਼ਾਹਤ ਦਿਖਾਈ ਦਿੱਤਾ। ਹਰਵਿੰਦਰ ਨੇ ਕਿਹਾ ਕਿ ‘ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਪਰ ਸਾਨੂੰ ਆਪਣੇ ਜਨਮ ਸਥਾਨ (ਪੰਜਾਬ) ਨਾਲ ਵਿਸ਼ੇਸ਼ ਪਿਆਰ ਹੈ। ਜਦੋਂ ਅਸੀਂ ਆਪਣੇ ਘਰ ਵਾਪਸ ਪਰਤਦੇ ਹਾਂ, ਇਹ ਟੈਟੂ ਮੈਨੂੰ ਇਸ ਅੰਦੋਲਨ ਦੀ ਯਾਦ ਦਿਵਾਏਗਾ।