Tejashwi yadav proposed to keep silence : ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿੱਛਲੇ 87 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ ਹੈ। ਕਿਸਾਨਾਂ ਦੇ ਅੰਦੋਲਨ ਦੇ ਨਾਲ-ਨਾਲ ਸਿਆਸਤ ਵੀ ਨਿਰੰਤਰ ਜਾਰੀ ਹੈ, ਲੋਕ ਸਭਾ ਅਤੇ ਰਾਜ ਸਭਾ ਤੋਂ ਬਾਅਦ ਹੁਣ ਬਿਹਾਰ ਦੀ ਅਸੈਂਬਲੀ ਵਿੱਚ ਵੀ ਕਿਸਾਨਾ ਦੇ ਮੁੱਦੇ ਦੀ ਗੂੰਜ ਸੁਣੀ ਗਈ ਹੈ। ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ ਨੇ ਬਿਹਾਰ ਅਤੇ ਕੇਂਦਰ ਸਰਕਾਰ ‘ਤੇ ਕਿਸਾਨਾਂ ਪ੍ਰਤੀ ਅਸੰਵੇਦਨਸ਼ੀਲ ਹੋਣ ਦਾ ਦੋਸ਼ ਲਾਇਆ ਹੈ। ਤੇਜਸ਼ਵੀ ਨੇ ਕਿਹਾ ਕਿ ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਵਿੱਚ ਸੈਸ਼ਨ ਦੌਰਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਪ੍ਰਤੀ ਦੋ ਮਿੰਟ ਦਾ ਮੌਨ ਰੱਖਣ ਦਾ ਪ੍ਰਸਤਾਵ ਦਿੱਤਾ। ਸਰਬ ਪਾਰਟੀ ਮੀਟਿੰਗ ਵਿੱਚ ਵੀ ਉਨ੍ਹਾਂ ਨੇ ਅਜਿਹਾ ਹੀ ਪ੍ਰਸਤਾਵ ਰੱਖਿਆ ਸੀ, ਪਰ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।
ਤੇਜਸ਼ਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਸ਼ੋਕ ਪ੍ਰਗਟਾਉਣ ਦੀ ਤਜਵੀਜ਼ ਨੂੰ ਸਵੀਕਾਰ ਨਹੀਂ ਕੀਤਾ ਗਿਆ। ਕਿਸਾਨ ਵਿਰੋਧੀ ਐਨਡੀਏ ਸਰਕਾਰ ਕੋਲ ਦੋ ਮਿੰਟਾਂ ਲਈ ਸ਼ੋਕ ਸੰਦੇਸ਼ ਪੜ੍ਹਨ ਦਾ ਵੀ ਸਮਾਂ ਨਹੀਂ ਹੈ। ਜਦੋਂ ਤੇਜਸ਼ਵੀ ਨੇ ਸਦਨ ਵਿੱਚ ਸ਼ੋਕ ਪ੍ਰਸਤਾਵ ਦੀ ਇਜਾਜ਼ਤ ਮੰਗੀ, ਉਸੇ ਸਮੇਂ, ਚੇਅਰਮੈਨ ਨੇ ਸਦਨ ਨੂੰ 22 ਫਰਵਰੀ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਹਮਦਰਦੀ ਜਤਾਈ ਸੀ ਅਤੇ ਲੋਕ ਸਭਾ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਨ ਦਾ ਪ੍ਰਸਤਾਵ ਦਿੱਤਾ ਸੀ।