Tejasvi surya attacks on party : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਹਰ ਪਾਸੇ ਕੋਰੋਨਾ ਕਾਰਨ ਲੋਕ ਆਪਣੀ ਜਾਨ ਗਵਾ ਰਹੇ ਹਨ। ਕੋਰੋਨਾ ਦੇ ਇਸ ਸੰਕਟ ਸਮੇ ਸਿਹਤ ਸੰਭਾਲ ਦੀਆ ਜਰੂਰੀ ਵਸਤੂਆਂ ਦੀ ਵੀ ਕਾਫੀ ਕਮੀ ਆ ਰਹੀ ਹੈ, ਕੀਤੇ ਹਸਪਤਾਲ ਵਿੱਚ ਬੈੱਡ ਨਹੀਂ ਹਨ ਤਾਂ ਕੀਤੇ ਆਕਸੀਜਨ। ਇਸ ਸੰਕਟ ਦੇ ਸਮੇ ਵੀ ਵੱਖ-ਵੱਖ ਥਾਵਾਂ ਤੋਂ ਕਾਲਾਬਜ਼ਾਰੀ ਅਤੇ ਮੁਨਾਫ਼ਾ ਖੋਰੀ ਦੀਆ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਬੇੰਗਲੁਰੂ ਦੱਖਣ ਤੋਂ ਭਾਜਪਾ ਦੇ ਸੰਸਦ ਮੈਂਬਰ ਤੇਜਸ਼ਵੀ ਸੂਰਿਆ ਨੇ ਨਗਰ ਨਿਗਮ ਦੇ ਅਧਿਕਾਰੀਆਂ ਉੱਤੇ ਰਿਸ਼ਵਤ ਲੈ ਕੇ ਹਸਪਤਾਲਾਂ ਵਿੱਚ ਬੈੱਡ ਦੇਣ ਦਾ ਦੋਸ਼ ਲਾਇਆ ਹੈ ਅਤੇ ਇਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ, ਜਦਕਿ ਹੋਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਅਤੇ ਨੇਤਰਾ ਵਜੋਂ ਹੋਈ ਹੈ। ਉਹ ਕਥਿਤ ਤੌਰ ‘ਤੇ ਇੱਕ ਬੈੱਡ ਲਈ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਲੈਂਦੇ ਸਨ। ਪੁਲਿਸ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ 1.05 ਲੱਖ ਰੁਪਏ ਜ਼ਬਤ ਕੀਤੇ ਹਨ।
ਸੰਸਦ ਮੈਂਬਰ ਸੂਰਿਆ ਨੇ ਦੋਸ਼ ਲਾਇਆ ਹੈ ਕਿ ‘ਬੀਬੀਐਮਪੀ ਅਧਿਕਾਰੀਆਂ ਅਤੇ ਫਰੰਟਲਾਈਨ ਹੈਲਥ ਵਰਕਰਾਂ ਦਾ ਇੱਕ ਗਿਰੋਹ‘ ਬਿਨਾਂ ਆਈਸੀਯੂ ਕੇਅਰ ਮਿਲੇ ਮਰ ਰਹੇ ਲੋਕਾਂ ਦੇ ਹਿੱਸੇ ਦੇ ਬੈੱਡਾਂ ਨੂੰ ‘ਖਰੀਦਣ’ ਦੀ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਨੇ ਕਿਹਾ, ‘ਬ੍ਰਿਹਤ ਬੰਗਲੁਰੂ ਮਹਾਨਗਰ ਪਾਲਿਕਾ ਦੀ ਵੈਬਸਾਈਟ ‘ਤੇ ਸਾਰੇ ਬੈੱਡ ਫੁੱਲ ਦਿਖ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਰਹੀ ਹੈ, ਪਰ ਬੀਬੀਐਮਪੀ ਦਾ ਕਹਿਣਾ ਹੈ ਕਿ ਸਾਰੇ ਬੈੱਡ ਬੁੱਕ ਹਨ। ਹਸਪਤਾਲਾਂ ਵਿੱਚ ਬੀਬੀਐਮਪੀ ਅਧਿਕਾਰੀਆਂ, ਅਰੋਗਿਆ ਮਿੱਤਰ (ਫਰੰਟਲਾਈਨ ਹੈਲਥ ਸਰਵਿਸ) ਦੇ ਲੋਕਾਂ ਅਤੇ ਬਾਹਰ ਦੇ ਕੁੱਝ ਲੋਕਾਂ ਦਾ ਇੱਕ ਗਿਰੋਹ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ੁਰੂਆਤ ਵਿੱਚ ਬੈੱਡ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਮ ‘ਤੇ ਰਾਖਵੇਂ ਰੱਖੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਮਰੀਜ਼ਾਂ ਨੂੰ ਹੀ ਨਹੀਂ ਪਤਾ ਹੁੰਦਾ ਹੈ। ਬਾਅਦ ਵਿੱਚ , ਜਦੋਂ ਉਹ ਹਸਪਤਾਲ ਵਿੱਚ ਦਾਖਲ ਨਹੀਂ ਹੁੰਦੇ, ਤਾਂ ਉਹ ਬੈੱਡ ਆਪਣੇ ਆਪ ‘ਆਟੋ ਅਨ-ਬਲੌਕਡ’ ਹੋ ਜਾਂਦੇ ਹਨ। ਸੰਸਦ ਮੈਂਬਰ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕਈ ਹਜ਼ਾਰਾਂ ਮਾਮਲਿਆਂ ਵਿੱਚ ਹੋਇਆ ਹੈ। ਇਸ ਤੋਂ ਬਾਅਦ, ਬੀਬੀਐਮਪੀ ਅਧਿਕਾਰੀ ਉਨ੍ਹਾਂ ਨੂੰ ਲੱਭਦੇ ਹਨ ਜੋ ਇਹ ਬੈੱਡ ਖਰੀਦਦੇ ਹਨ।
ਭਾਜਪਾ ਸੰਸਦ ਮੈਂਬਰ ਨੇ ਕਿਹਾ, “ਇਹ ਸਭ ਤੋਂ ਘਿਨਾਉਣਾ ਹੈ ਜੋ ਮਹਾਂਮਾਰੀ ਦੇ ਦੌਰਾਨ ਹੋ ਸਕਦਾ ਹੈ।’ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਬੀਬੀਐਮਪੀ ਨੇ ਅਜੇ ਇਸ ਬਾਰੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਨਗਰ ਨਿਗਮ ਵਿੱਚ ਸਭ ਤੋਂ ਜ਼ਿਆਦਾ ਮੈਂਬਰ ਭਾਜਪਾ ਦੇ ਹਨ, ਇਸ ਕਾਰਨ ਸੂਰਿਆ ਨੇ ਆਪਣੀ ਹੀ ਪਾਰਟੀ ‘ਤੇ ਸਵਾਲ ਖੜੇ ਕੀਤੇ ਹਨ। ਬੰਗਲੌਰ ਦੇ ਮੇਅਰ ਗੌਤਮ ਕੁਮਾਰ ਭਾਜਪਾ ਦੇ ਕੌਂਸਲਰ ਹਨ। ਕਾਂਗਰਸ ਵੀ ਇਸ ਮੌਕੇ ਨੂੰ ਗੁਆਏ ਬਿਨਾਂ ਨਿਸ਼ਾਨਾ ਸਾਧ ਰਹੀ ਹੈ। ਬੰਗਲੁਰੂ ਦੇ ਪੁਲਿਸ ਮੁਖੀ ਕਮਲ ਪੰਤ ਨੇ ਕਿਹਾ ਕਿ ਕੇਸ ਕੇਂਦਰੀ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਗਿਆ ਹੈ।