Transparent Taxation platform: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਮਾਨਦਾਰੀ ਨਾਲ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਲਈ ‘Transparent Taxation – Honoring the Honest’ ਨਾਮਕ ਇੱਕ ਪਲੇਟਫਾਰਮ ਲਾਂਚ ਕਰਨਗੇ । ਉਦਘਾਟਨ ਸਮੇਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਰਹਿਣਗੇ। ਇਸ ਵਿਸ਼ੇਸ਼ ਪਲੇਟਫਾਰਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਵਪਾਰਕ ਮੰਡਲ, ਵਪਾਰਕ ਸੰਸਥਾਵਾਂ, ਚਾਰਟਰਡ ਅਕਾਊਂਟ ਸੰਸਥਾਵਾਂ, ਆਮਦਨ ਟੈਕਸ ਵਿਭਾਗ ਦੇ ਅਧਿਕਾਰੀ ਅਤੇ ਕਈ ਪ੍ਰਮੁੱਖ ਟੈਕਸਦਾਤਾ ਵੀ ਇਸ ਇਤਿਹਾਸਕ ਪਲ ਦਾ ਗਵਾਹ ਹੋਣਗੇ । ਸਰਕਾਰ ਨੇ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਅਤੇ ਕੇਂਦਰੀ ਸਿੱਧੇ ਟੈਕਸ ਬੋਰਡ ਦੇ ਹਾਲ ਦੇ ਸਾਲਾਂ ਵਿੱਚ ਸਿੱਧੇ ਟੈਕਸ ਦੇ ਸੁਧਾਰਾਂ ਦੇ ਵਿਕਾਸ ਦੀ ਅਗਵਾਈ ਹੋਵੇਗੀ।
ਇਸ ਸਬੰਧੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਪ੍ਰਧਾਨ ਮੰਤਰੀ 13 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਪਲੇਟਫਾਰਮ ‘Transparent Taxation – Honoring the Honest’ ਦੀ ਸ਼ੁਰੂਆਤ ਕਰਨਗੇ।” ਹਾਲਾਂਕਿ ਬਿਆਨ ਵਿੱਚ ਸੁਧਾਰਾਂ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਗਿਆ ਪਰ ਪਲੇਟਫਾਰਮ ਦੀ ਸ਼ੁਰੂਆਤ ਨਾਲ ਹੀ ਪਿਛਲੇ ਛੇ ਸਾਲਾਂ ਵਿੱਚ ਸਿੱਧੇ ਟੈਕਸ ਦੇ ਮੋਰਚੇ ‘ਤੇ ਜੋ ਸੁਧਾਰ ਹੋਏ ਹਨ, ਉਨ੍ਹਾਂ ਨੂੰ ਅੱਗੇ ਲਿਜਾਣ ਦੀ ਉਮੀਦ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਕਾਰਪੋਰੇਟ ਟੈਕਸ ਦੀਆਂ ਦਰਾਂ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਅਤੇ ਨਵੀਂ ਨਿਰਮਾਣ ਇਕਾਈਆਂ ਲਈ ਦਰਾਂ ਨੂੰ 15 ਪ੍ਰਤੀਸ਼ਤ ਤੱਕ ਘਟਾ ਦਿੱਤਾ ਗਿਆ ਸੀ। ਸਰਕਾਰ ਨੇ ਲਾਭਅੰਸ਼ ਵੰਡ ਟੈਕਸ ਵੀ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਦਾ ਵਿਸ਼ੇਸ਼ ਜ਼ੋਰ ਟੈਕਸ ਸੁਧਾਰਾਂ ‘ਤੇ ਹੈ ਅਤੇ ਟੈਕਸ ਦਰਾਂ ਘਟਾਉਣ ਅਤੇ ਸਿੱਧੇ ਟੈਕਸ ਕਾਨੂੰਨ ਨੂੰ ਸਰਲ ਬਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਟੈਕਸ ਨੀਤੀਆਂ ਵਿੱਚ ਪਾਰਦਰਸ਼ਤਾ ਆਵੇਗੀ, ਲੋਕ ਆਸਾਨੀ ਨਾਲ ਟੈਕਸ ਆਨਲਾਈਨ ਅਦਾ ਕਰ ਸਕਣਗੇ। ਪਹਿਲਾਂ ਤੋਂ ਵਿਵਾਦਿਤ ਮਾਮਲਿਆਂ ਨੂੰ ਸੁਲਝਾਉਣ ਲਈ ਸਰਕਾਰ ਨੇ ਵਿਵਾਦਾਂ ਨਾਲ ਵਿਸ਼ਵਾਸ ਐਕਟ 2020 ਲਾਗੂ ਕੀਤਾ ਹੈ।