UN 75th anniversary: ਸੰਯੁਕਤ ਰਾਸ਼ਟਰ ਦੇ ਗਠਨ ਨੂੰ 75 ਸਾਲ ਪੂਰੇ ਹੋ ਗਏ ਹਨ। ਇਸ ਸਾਲ ਦੀ ਮਹਾਂਸਭਾ ਵੀ ਸ਼ੁਰੂ ਹੋ ਗਈ ਹੈ, ਜਿਸ ਦੌਰਾਨ ਸੋਮਵਾਰ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਨੂੰ ਵਧਾਈ ਦਿੱਤੀ ਅਤੇ ਸਾਰੇ ਦੇਸ਼ਾਂ ਨੂੰ ਇਕਜੁੱਟ ਰੱਖਣ ਲਈ ਧੰਨਵਾਦ ਕੀਤਾ । ਹਾਲਾਂਕਿ, ਪ੍ਰਧਾਨ ਮੰਤਰੀ ਦਾ ਜ਼ੋਰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਵਿੱਚ ਤਬਦੀਲੀ ‘ਤੇ ਸੀ। ਸੰਯੁਕਤ ਰਾਸ਼ਟਰ ਦੇ 75 ਸਾਲ ਪੂਰੇ ਹੋਣ ‘ਤੇ ਇੱਕ ਉੱਚ ਪੱਧਰੀ ਬੈਠਕ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸੀ । ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਨਵੀਆਂ ਚੁਣੌਤੀਆਂ ਹਨ, ਅਜਿਹੇ ਵਿੱਚ ਸੰਯੁਕਤ ਰਾਸ਼ਟਰ ਦੇ ਢਾਂਚੇ ਵਿੱਚ ਤਬਦੀਲੀ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਨੂੰ ਹੁਣ ਇਸ ਦਿਸ਼ਾ ਵੱਲ ਕਦਮ ਚੁੱਕਣੇ ਚਾਹੀਦੇ ਹਨ।
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮੇਂ ਸੰਸਥਾ ਅਤੇ ਦੇਸ਼ਾਂ ਵਿੱਚ ਵਿਸ਼ਵਾਸ ਦੀ ਘਾਟ ਹੈ, ਅਜਿਹੀ ਸਥਿਤੀ ਵਿੱਚ ਸੰਯੁਕਤ ਰਾਸ਼ਟਰ ਨੂੰ ਅੱਗੇ ਆਉਣਾ ਹੋਵੇਗਾ। ਪਰ ਤਬਦੀਲੀ ਤੋਂ ਬਿਨ੍ਹਾਂ ਇਹ ਸੰਭਵ ਨਹੀਂ ਹੈ, ਨਵੇਂ ਦੇਸ਼ਾਂ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਹਰ ਦੇਸ਼ ਦੀ ਜ਼ਰੂਰਤ ਸੁਣੀ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 1945 ਤੋਂ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਅਜਿਹੀ ਸਥਿਤੀ ਵਿੱਚ ਇਸ ਪੁਰਾਣੇ ਢਾਂਚੇ ਨੂੰ ਹੁਣ ਵੇਖਣਾ ਪਵੇਗਾ । ਪ੍ਰਧਾਨਮੰਤਰੀ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਕੀਤੇ ਤਾਜ਼ਾ ਸੁਧਾਰਾਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸੰਯੁਕਤ ਰਾਸ਼ਟਰ, ਮਹਾਂਸਭਾ, ਆਰਥਿਕ ਅਤੇ ਸਮਾਜਿਕ ਕੌਂਸਲ ਨੂੰ ਮਜ਼ਬੂਤ ਕਰਨ ਵੱਲ ਕਦਮ ਚੁੱਕਣ ਦੀ ਲੋੜ ਹੈ।
ਇਸ ਤੋਂ ਅੱਗੇ ਪੀਐਮ ਮੋਦੀ ਨੇ ਕਿਹਾ ਕਿ ਵਿਵਾਦ ਨੂੰ ਰੋਕਣ, ਵਿਕਾਸ ਨੂੰ ਯਕੀਨੀ ਬਣਾਉਣ, ਮੌਸਮ ਵਿੱਚ ਤਬਦੀਲੀ, ਅਸਮਾਨਤਾ ਨੂੰ ਘਟਾਉਣ ਅਤੇ ਡਿਜੀਟਲ ਤਕਨਾਲੋਜੀਆਂ ਦਾ ਲਾਭ ਚੁੱਕਣ ਵਰਗੇ ਮੁੱਦਿਆਂ ‘ਤੇ ਹੋਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ । ਭਾਰਤ ਨੇ ਹਮੇਸ਼ਾ ਹੀ ਵਿਸ਼ਵ ਨੂੰ ਆਪਣਾ ਪਰਿਵਾਰ ਮੰਨਿਆ ਹੈ ਅਤੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦੇਈਏ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਦੋ ਸੰਬੋਧਨ ਹੋਣ ਜਾ ਰਹੇ ਹਨ, ਪਹਿਲਾ ਬੀਤੀ ਰਾਤ ਨੂੰ ਹੋਇਆ ਸੀ ਜੋ ਇੱਕ ਉੱਚ ਪੱਧਰੀ ਬੈਠਕ ਸੀ। ਜਦੋਂ ਕਿ ਦੂਜਾ 26 ਨੂੰ ਹੋਵੇਗਾ, ਜੋ ਕਿ ਜਨਰਲ ਅਸੈਂਬਲੀ ਲਈ ਸੰਬੋਧਨ ਹੋਵੇਗਾ।