Underworld don Chhota Rajan: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਨਾਲ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਅੰਡਰਵਰਲਡ ਡੌਨ ਛੋਟਾ ਰਾਜਨ ਵੀ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਲੀ ਦੀ ਸੈਸ਼ਨ ਕੋਰਟ ਨੂੰ ਦਿੱਤੀ । ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਰਾਜਨ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਹਵਾਲਗੀ ਕਰਨ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ । ਮੁੰਬਈ ਵਿੱਚ ਉਸਦੇ ਖਿਲਾਫ ਦਰਜ ਸਾਰੇ ਮਾਮਲੇ ਸੀਬੀਆਈ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ ਅਤੇ ਉਸ ‘ਤੇ ਮੁਕੱਦਮਾ ਚਲਾਉਣ ਲਈ ਇੱਕ ਵਿਸ਼ੇਸ਼ ਅਦਾਲਤ ਕਾਇਮ ਕੀਤੀ ਗਈ ਹੈ।
ਤਿਹਾੜ ਦੇ ਸਹਾਇਕ ਜੇਲਰ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਉਹ ਕੇਸ ਦੀ ਸੁਣਵਾਈ ਦੇ ਸਬੰਧ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਰਾਜਨ ਨੂੰ ਪੇਸ਼ ਨਹੀਂ ਕਰ ਸਕਦੇ, ਕਿਉਂਕਿ ਗੈਂਗਸਟਰ ਕੋਵਿਡ-19 ਨਾਲ ਪੀੜਤ ਹੋ ਗਿਆ ਹੈ ਅਤੇ ਏਮਜ਼ ਵਿੱਚ ਦਾਖਲ ਹੈ ।
ਇਸ ਦੇ ਨਾਲ ਹੀ ਜੇਲ੍ਹ ਦੇ ਉੱਚ ਸੁਰੱਖਿਆ ਵਾਰਡ ਵਿੱਚ ਬੰਦ ਬਿਹਾਰ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੂਦੀਨ ਵੀ ਕੋਰੋਨਾ ਨਾਲ ਪੀੜਤ ਹਨ। ਉਸ ਦਾ ਜੇਲ੍ਹ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਪਰ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਭੇਜਿਆ ਗਿਆ ਹੈ । ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਵਾਲੇ ਕੈਦੀਆਂ ਲਈ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ।