Union budget 2021 congress mp : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਕੋਰੋਨਾ ਦੇ ਵਿੱਚ ਪੇਸ਼ ਕੀਤਾ ਜਾਣ ਵਾਲਾ ਇਹ ਪਹਿਲਾ ਬਜਟ ਹੈ, ਜੋ ਕਿ ਬਿਲਕੁਲ ਕਾਗਜ਼ ਰਹਿਤ ਹੋਵੇਗਾ। ਬਜਟ ਇਤਿਹਾਸ ਵਿੱਚ ਪਹਿਲੀ ਵਾਰ ਬਜਟ ਪੇਪਰ ਨਾ ਛਾਪਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਬਜਟ ਕਿਸਾਨ ਅੰਦੋਲਨ ਦੇ ਵਿਚਕਾਰ ਪੇਸ਼ ਹੋ ਰਿਹਾ ਹੈ, ਇਸ ਲਈ ਸੰਸਦ ਦੇ ਬਜਟ ਸੈਸ਼ਨ ਵਿੱਚ ਕਿਸਾਨਾਂ ਦੇ ਮੁੱਦੇ ਉੱਠਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ ਭਾਸ਼ਣ ਦੇ ਰਹੇ ਹਨ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸਦਨ ਦੇ ਅੰਦਰ ‘ਜੈ ਜਵਾਨ ਜੈ ਕਿਸਾਨ’ ਦੀ ਨਾਅਰੇਬਾਜ਼ੀ ਕੀਤੀ ਹੈ। ਉਸੇ ਸਮੇਂ, ਬਹੁਤ ਸਾਰੇ ਕਾਂਗਰਸੀ ਸੰਸਦ ਮੈਂਬਰ ਬਜਟ ਦਾ ਵਿਰੋਧ ਕਰਨ ਲਈ ਕਾਲੇ ਗਾਉਨ ਪਾ ਕੇ ਸੰਸਦ ਵਿੱਚ ਆਏ ਹਨ। ਅੱਜ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਔਜਲਾ ਕਾਲੇ ਰੰਗ ਦਾ ਗਾਉਨ ਪਾ ਕੇ ਸੰਸਦ ਵਿੱਚ ਆਏ ।
ਇਹ ਦੋਵੇਂ ਸੰਸਦ ਮੈਂਬਰ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਅਤੇ ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੇ ਗਾਉਨ ‘ਤੇ ਲਿਖਿਆ ਹੈ ਕਿ ‘ਕਿਸਾਨ ਦੀ ਮੌਤ,ਕਾਲੇ ਕਾਨੂੰਨ ਵਾਪਿਸ ਲਓ।’ ਖੇਤੀ ਕਾਨੂੰਨਾਂ ਖਿਲਾਫ ਦੇਸ਼ ਵਿੱਚ ਕਿਸਾਨ ਅੰਦੋਲਨ ਜਾਰੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਬਜ਼ਟ ਸੈਸ਼ਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਨਾਰਾਜ਼ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਲਈ ਕੁੱਝ ਵੱਡੇ ਐਲਾਨ ਕਰ ਸਕਦੀ ਹੈ। ਇਸ ਦੇ ਨਾਲ ਹੀ, ਕਿਸਾਨ ਜੱਥੇਬੰਦੀਆਂ ਨਵੇਂ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ‘ਤੇ ਫਸਲਾਂ ਦੀ ਖਰੀਦ ਲਈ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੀਆਂ ਹਨ।
ਇਹ ਵੀ ਦੇਖੋ : ਕੈਪਟਨ ਦੀ ਆਲ ਪਾਰਟੀ ਮੀਟਿੰਗ ‘ਤੇ ਕਿਉਂ ਭੜਕੇ BJP ਆਗੂ ਜਿਆਣੀ , ਸੁਣੋ ਵੱਡਾ ਬਿਆਨ…