Unlock 2.0 starts today: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧਦੀ ਰਫ਼ਤਾਰ ਵਿਚਾਲੇ ਅੱਜ ਤੋਂ ਅਨਲਾਕ 2.0 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ਸਰਕਾਰ ਵੱਲੋਂ ਇਸ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਇਹ ਪੜਾਅ 1 ਜੁਲਾਈ ਤੋਂ 31 ਜੁਲਾਈ ਤੱਕ ਚੱਲੇਗਾ । ਦੇਸ਼ ਵਿੱਚ ਲਗਭਗ ਚਾਰ ਮਹੀਨਿਆਂ ਤੋਂ ਲਾਕਡਾਊਨ ਲਾਗੂ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਪੜਾਅ ਦੇ ਅਨੁਸਾਰ ਅਨਲਾਕ ਕੀਤਾ ਜਾ ਰਿਹਾ ਹੈ । ਅਨਲਾਕ 1 ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਛੂਟ ਮਿਲੀ ਸੀ, ਜਿਸ ਤੋਂ ਬਾਅਦ ਇਸ ਨੂੰ ਹੁਣ ਅਨਲਾਕ 2.0 ਵਿੱਚ ਵਧਾ ਦਿੱਤਾ ਗਿਆ ਹੈ।
ਅਨਲਾਕ 2.0 ਦੀਆਂ ਮੁੱਖ ਗੱਲਾਂ:
-ਘਰੇਲੂ ਉਡਾਣਾਂ ਪਹਿਲਾਂ ਹੀ ਸੀਮਤ ਸੰਖਿਆ ਵਿੱਚ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ, ਪਰ ਹੁਣ ਇਨ੍ਹਾਂ ਦਾ ਵਿਸਥਾਰ ਕੀਤਾ ਜਾਵੇਗਾ।
-ਰਾਤ ਦੇ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਹੁਣ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।
-ਰਾਤ ਨੂੰ ਸਿਰਫ ਉਦਯੋਗਿਕ ਇਕਾਈਆਂ ਅਤੇ ਜਰੂਰੀ ਸਮਾਨ ਲੈ ਜਾਣ ਵਾਲੇ ਵਾਹਨਾਂ, ਟ੍ਰੇਨਾਂ ਅਤੇ ਜਹਾਜ਼ਾਂ ਨੂੰ ਆਗਿਆ ਦਿੱਤੀ ਜਾਵੇਗੀ।
-ਦੁਕਾਨਦਾਰ ਪੰਜ ਤੋਂ ਵੱਧ ਲੋਕਾਂ ਨੂੰ ਆਪਣੀ ਉਪਲਬਧ ਜਗ੍ਹਾ ਦੇ ਅਨੁਸਾਰ ਇਕੱਠੇ ਹੋਣ ਦੀ ਆਗਿਆ ਦੇ ਸਕਦੇ ਹਨ, ਹਾਲਾਂਕਿ ਸਾਰਿਆਂ ਨੂੰ ਸਹੀ ਸਰੀਰਕ ਦੂਰੀ ਬਣਾਈ ਰੱਖਣੀ ਪਵੇਗੀ।
-ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਿਖਲਾਈ ਸੰਸਥਾਵਾਂ 15 ਜੁਲਾਈ ਤੋਂ ਖੁੱਲ੍ਹਣਗੀਆਂ, ਇਸ ਸਬੰਧੀ ਵੱਖਰੇ ਵਿਸਥਾਰ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।
-ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ 31 ਜੁਲਾਈ ਤੱਕ ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
-ਅੰਤਰਰਾਸ਼ਟਰੀ ਹਵਾਈ ਯਾਤਰਾ ‘ਵੰਦੇ ਭਾਰਤ ਮਿਸ਼ਨ’ ਤਹਿਤ ਸੀਮਤ ਗਿਣਤੀ ਵਿੱਚ ਸ਼ੁਰੂ ਕੀਤੀ ਗਈ ਸੀ, ਹੁਣ ਇਸ ਨੂੰ ਯੋਜਨਾਬੱਧ ਢੰਗ ਨਾਲ ਵਧਾਇਆ ਜਾਵੇਗਾ।
ਜਿੱਥੇ ਰੋਕ ਜਾਰੀ ਰਹੇਗੀ:
ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਹੋਰ ਅਜਿਹੀਆਂ ਥਾਵਾਂ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਵੱਡੇ ਪ੍ਰੋਗਰਾਮਾਂ ‘ਤੇ ਵੀ ਪਾਬੰਦੀ ਜਾਰੀ ਰਹੇਗੀ।
ਦੱਸ ਦੇਈਏ ਕਿ 31 ਜੁਲਾਈ ਤੱਕ ਕੰਟੇਨਮੈਂਟ ਜ਼ੋਨਾਂ ਵਿੱਚ ਲਾਕਡਾਊਨ ਜਾਰੀ ਰਹੇਗਾ। ਜਿੱਥੇ ਕੋਈ ਕੰਟੇਨਮੈਂਟ ਜ਼ੋਨ ਨਹੀਂ ਹੈ, ਉੱਥੇ ਦੀਆਂ ਗਤੀਵਿਧੀਆਂ ਵਿੱਚ ਛੂਟ ਦਾ ਫੈਸਲਾ ਰਾਜ ਸਰਕਾਰਾਂ ਲੈਣਗੀਆਂ। ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਥਿਤੀ ਦੇ ਮੱਦੇਨਜ਼ਰ ਕੰਟੇਨਮੈਂਟ ਜ਼ੋਨ ਤੋਂ ਬਾਹਰ ਵੀ ਕੁਝ ਗਤੀਵਿਧੀਆਂ ਨੂੰ ਰੋਕ ਸਕਦੇ ਹਨ ਅਤੇ ਪਾਬੰਦੀਆਂ ਲਗਾ ਸਕਦੇ ਹਨ। ਹਾਲਾਂਕਿ, ਰਾਜਾਂ ਦੇ ਅੰਦਰ ਜਾਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਮਾਲ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਤਰ੍ਹਾਂ ਦੀ ਗਤੀਵਿਧੀ ਲਈ ਵੱਖਰੀ ਆਗਿਆ ਜਾਂ ਈ-ਪਰਮਿਟ ਦੀ ਲੋੜ ਨਹੀਂ ਪਵੇਗੀ।