Uttarakhand Char Dham Yatra suspended: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚੀ ਹੋਈ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸਦੇ ਮੱਦੇਨਜ਼ਰ ਹੁਣ ਚਾਰ ਧਾਮ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ । ਯਾਤਰਾ ਦੀ ਸ਼ੁਰੂਆਤ 14 ਮਈ ਨੂੰ ਹੋਣੀ ਸੀ । ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ । ਯਾਤਰਾ ਰੱਦ ਕਰਨ ਨੂੰ ਲੈ ਕੇ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਕੇਸਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਯਾਤਰਾ ਮੁਲਤਵੀ ਕੀਤੀ ਗਈ ਹੈ । ਉੱਥੇ ਸਿਰਫ ਪੁਜਾਰੀ ਹੀ ਪੂਜਾ ਕਰ ਸਕਦੇ ਹਨ । ਪੂਰੇ ਦੇਸ਼ ਦੇ ਲੋਕਾਂ ਲਈ ਚਾਰ ਧਾਮ ਯਾਤਰਾ ਨੂੰ ਹੁਣ ਲਈ ਬੰਦ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਯਾਤਰਾ ਸੰਭਵ ਨਹੀਂ ਹੈ । ਦੱਸ ਦੇਈਏ ਕਿ 14 ਮਈ ਨੂੰ ਯਮੁਨੋਤ੍ਰੀ ਮੰਦਰ ਦੇ ਕਪਾਟ ਖੁੱਲ੍ਹਣ ਦੇ ਨਾਲ ਚਾਰਧਾਮ ਯਾਤਰਾ ਸ਼ੁਰੂ ਹੋਣੀ ਸੀ। ਪਿਛਲੇ ਸਾਲ ਵੀ ਉਤਰਾਖੰਡ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਚਾਰਧਾਮ ਯਾਤਰਾ ‘ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਰਾਜ ਸਰਕਾਰ ਨੇ 1 ਜੁਲਾਈ ਤੋਂ ਸ਼ਰਧਾਲੂਆਂ ਲਈ ਚਾਰਧਾਮ ਯਾਤਰਾ ਸ਼ੁਰੂ ਕੀਤੀ ਸੀ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਕਾਰਨ ਕੁੰਭ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ। ਕੋਰੋਨਾ ਦਾ ਖੌਫ਼ ਘਾਟ ‘ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਇਸ਼ਨਾਨ ਕਰ ਰਹੇ ਸਾਧੂਆਂ ਨੂੰ ਦੇਖ ਕੇ ਸਾਫ਼ ਨਜ਼ਰ ਆ ਰਿਹਾ ਸੀ। ਕੋਰੋਨਾ ਦੇ ਕਾਰਨ ਕੁੰਭ ਦੇ ਮੇਲੇ ਦੀ ਮਿਆਦ ਇੱਕ ਅਪ੍ਰੈਲ ਤੋਂ 30 ਅਪ੍ਰੈਲ ਤੱਕ ਨਿਰਧਾਰਿਤ ਕੀਤੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਇਸਨੂੰ ਖਤਮ ਕਰਵਾ ਦਿੱਤਾ ਗਿਆ ਸੀ।