Vaccine war: ਭਾਰਤ ਵਿੱਚ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ । ਜਿਸ ਵਿੱਚ ਇੱਕ ਵੈਕਸੀਨ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਦੂਜੀ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਹੈ ਜੋ ਆਕਸਫੋਰਡ-ਐਕਸਟ੍ਰਾਜ਼ੇਨੇਕਾ ਦੀ ਵੈਕਸੀਨ ਦਾ ਹੀ ਭਾਰਤੀ ਵਰਜ਼ਨ ਹੈ । ਹਾਲਾਂਕਿ, ਹੁਣ ਦੋਵੇਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਆਪਸ ਵਿੱਚ ਹੀ ਭਿੜ ਗਏ ਹਨ । ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਇਤਰਾਜ਼ ਜਤਾਇਆ ਸੀ । ਹੁਣ ਭਾਰਤ ਬਾਇਓਟੈੱਕ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਣਾ ਏਲਾ ਨੇ ਵੀ ਸੀਰਮ ਇੰਸਟੀਚਿਊਟ ’ਤੇ ਪਲਟਵਾਰ ਕੀਤਾ ਹੈ।
ਇਸ ਸਬੰਧੀ ਕ੍ਰਿਸ਼ਣਾ ਏਲਾ ਨੇ ਆਪਣੇ ਬਿਆਨ ਵਿੱਚ ਕਿਹਾ,”ਅਸੀਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਕਰਦੇ।” ਉਨ੍ਹਾਂ ਨੇ ਲੋਕਾਂ ਨੂੰ ਵੈਕਸੀਨ ਦੇ ਮੁੱਦੇ ’ਤੇ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ । ਅਦਾਰ ਪੂਨਾਵਾਲਾ ਦਾ ਨਾਮ ਲਏ ਬਿਨ੍ਹਾਂ ਏਲਾ ਨੇ ਕਿਹਾ, “ਅਸੀਂ 200 ਫੀਸਦੀ ਈਮਾਨਦਾਰ ਕਲੀਨਿਕਲ ਟ੍ਰਾਇਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਸਾਨੂੰ ਅਜਿਹੀ ਪ੍ਰਤੀਕਿਰਿਆ ਮਿਲਦੀ ਹੈ । ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਦੱਸੋ । ਉਨ੍ਹਾਂ ਅੱਗੇ ਕਿਹਾ ਕਿ ਕੁਝ ਕੰਪਨੀਆਂ ਸਾਡੀ ਵੈਕਸੀਨ ਨੂੰ ਪਾਣੀ ਦੀ ਤਰ੍ਹਾਂ ਦੱਸ ਰਹੀਆਂ ਹਨ । ਮੈਂ ਇਸ ਤੋਂ ਇਨਕਾਰ ਕਰਦਾ ਹਾਂ। ਅਸੀਂ ਵਿਗਿਆਨੀ ਹਾਂ।”
ਦੱਸ ਦੇਈਏ ਕਿ ਐਤਵਾਰ ਨੂੰ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਹੁਣ ਤੱਕ ਸਿਰਫ ਫਾਈਜ਼ਰ, ਮੋਡੇਰਨਾ ਅਤੇ ਆਕਸਫੋਰਡ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦੀ ਕੁਸ਼ਲਤਾ ਸਾਬਿਤ ਹੋਈ ਹੈ ਅਤੇ ਬਾਕੀ ਸਾਰੀਆਂ ਵੈਕਸੀਨ ਸਿਰਫ ਪਾਣੀ ਦੀ ਤਰ੍ਹਾਂ ਸੁਰੱਖਿਅਤ ਹਨ। ਇਸ ਤੋਂ ਅੱਗੇ ਏਲਾ ਨੇ ਕਿਹਾ ਕਿ ਅਮਰੀਕਾ ਅਤੇ ਯੂਰਪ ਨੇ ਯੂ.ਕੇ. ਤੋਂ ਐਸਟ੍ਰੋਜ਼ੇਨੇਕਾ-ਆਕਸਫੋਰਡ ਵੈਕਸੀਨ ਦਾ ਟ੍ਰਾਇਲ ਡਾਟਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਪਾਰਦਰਸ਼ੀ ਨਹੀਂ ਸੀ, ਪਰ ਕਿਸੇ ਨੇ ਵੀ ਆਕਸਫੋਰਡ ਡਾਟਾ ’ਤੇ ਸਵਾਲ ਨਹੀਂ ਚੁੱਕਿਆ । ਉਨ੍ਹਾਂ ਨੇ ਦੋਸ਼ ਲਗਾਇਆ ਕਿ ਐਸਟ੍ਰੋਜ਼ੇਨੇਕਾ-ਆਕਸਫੋਰਡ ਦੇ ਟ੍ਰਾਇਲ ਵਿੱਚ ਵੈਕਸੀਨ ਸ਼ਾਟ ਦੇਣ ਤੋਂ ਪਹਿਲਾਂ ਵਾਲੰਟੀਅਰਾਂ ਨੂੰ ਪੈਰਾਸੀਟਾਮੋਲ ਟੈਬਲੇਟ ਦਿੱਤੀ ਗਈ ਸੀ ਅਤੇ ਜੇਕਰ ਇਹ ਉਨ੍ਹਾਂ ਦੀ ਕੰਪਨੀ ਨੇ ਕੀਤਾ ਹੁੰਦਾ ਤਾਂ ਭਾਰਤ ਦੇ ਰੈਗੁਲੇਟਰ ਉਨ੍ਹਾਂ ਦੇ ਟ੍ਰਾਇਲ ਨੂੰ ਬੰਦ ਕਰਵਾ ਦਿੰਦੇ।
ਏਲਾ ਨੇ ਕਿਹਾ ਕਿ ਅਸੀਂ ਵਾਲੰਟੀਅਰਾਂ ਨੂੰ ਪੈਰਾਸੀਟਾਮੋਲ ਨਹੀਂ ਦਿੱਤੀ, ਇਸ ਲਈ ਚੰਗੀ ਜਾਂ ਬੁਰੀ ਜੋ ਵੀ ਪ੍ਰਤੀਕਿਰਿਆ ਆਈ, ਉਸ ਨੂੰ 100 ਫੀਸਦੀ ਉਸੇ ਤਰ੍ਹਾਂ ਲਿਆ ਗਿਆ । ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਰੀਅਲ ਟਾਈਮ ਵਿੱਚ ਕੈਪਚਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਲਾ ਨੇ ਏਮਸ ਮੁਖੀ ਡਾਕਟਰ ਰਣਦੀਪ ਗੁਲੇਰੀਆ ਦੇ ਬਿਆਨ ਨੂੰ ਲੈ ਕੇ ਵੀ ਇਤਰਾਜ਼ ਜਤਾਇਆ। ਡਾਕਟਰ ਗੁਲੇਰੀਆ ਨੇ ਕੋਵੈਕਸੀਨ ਦੀ ਵਰਤੋਂ ਹੋਰ ਵੈਕਸੀਨ ਦੇ ਬੈਕਅਪ ਦੀ ਤਰ੍ਹਾਂ ਕਰਨ ਦਾ ਸੁਝਾਅ ਦਿੱਤਾ ਸੀ। ਏਲਾ ਨੇ ਕਿਹਾ ਕਿ ਇਹ ਇਕ ਵੈਕਸੀਨ ਹੈ, ਬੈਕਅਪ ਨਹੀਂ। ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਦੱਸ ਦੇਈਏ ਕਿ ਏਲਾ ਨੇ ਕੋਵੈਕਸੀਨ ਨੂੰ ਲੈ ਕੇ ਕਿਹਾ ਕਿ ਕੋਵੈਕਸੀਨ ਦੇ 15 ਫ਼ੀਸਦੀ ਤੋਂ ਵੀ ਘੱਟ ਐਡਵਰਸ ਪ੍ਰਭਾਵ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਟ੍ਰਾਇਲ ਵਿੱਚ 10 ਫ਼ੀਸਦੀ ਤੋਂ ਵੀ ਘੱਟ ਮਾੜੇ ਪ੍ਰਭਾਵ ਸਾਹਮਣੇ ਆਏ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ 24 ਹਜ਼ਾਰ ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਵੈਕਸੀਨ ਲਗਾ ਚੁੱਕੇ ਹਾਂ।