ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੁੱਧਵਾਰ ਨੂੰ ਰਾਸ਼ਨ ਕਾਰਡ ਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣੀ ਸ਼ਰਮਨਾਕ ਹੈ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਗਰੀਬਾਂ ਤੇ ਬੋਝ ਬਣ ਜਾਵੇ ਤਾਂ ਇਹ ਮੰਦਭਾਗਾ ਹੋਵੇਗਾ। ਰਾਸ਼ਨ ਕਾਰਡ ਧਾਰਕਾਂ ਨੂੰ ਜਾਂ ਤਾਂ ਤਿਰੰਗਾ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਾਂ ਬਦਲੇ ’ਚ ਉਨ੍ਹਾਂ ਦੇ ਰਾਸ਼ਨ ਦੇ ਹਿੱਸੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ।’’
ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਭਾਰਤੀ ਦੇ ਦਿਲ ਵਿੱਚ ਵੱਸਣ ਵਾਲੇ ਤਿਰੰਗੇ ਦੀ ਕੀਮਤ ਗਰੀਬਾਂ ਦੀ ਬੁਰਕੀ ਖੋਹ ਕੇ ਵਸੂਲਣਾ ਸ਼ਰਮਨਾਕ ਹੈ। ਇਸ ਵੀਡੀਓ ਵਿੱਚ ਕੁਝ ਰਾਸ਼ਨ ਕਾਰਡ ਧਾਰਕ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ 20 ਰੁਪਏ ’ਚ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਦੇਸ਼ ਵਾਸੀਆਂ ਨੂੰ 13 ਅਗਸਤ ਤੋਂ 15 ਅਗਸਤ ਵਿਚਾਲੇ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਜਪਾ ਵੀ ਮੁਹਿੰਮ ਚਲਾ ਰਹੀ ਹੈ। ਇਸ ਤਹਿਤ ਅਫਸਰਾਂ ਨੂੰ ਵੀ ਆਦੇਸ਼ ਦਿੱਤੇ ਜਾ ਰਹੇ ਹਨ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ। ਕਈ ਥਾਵਾਂ ਉੱਪਰ ਰਾਜ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਵੀ ਆਰਡਰ ਜਾਰੀ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: