ਪਹਿਲਵਾਨ ਵਿਨੇਸ਼ ਫੋਗਾਟ ਨੇ ਦਿੱਲੀ ਪੁਲਿਸ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇੱਕ ਕਵਿਤਾ ਸਾਂਝੀ ਕੀਤੀ ਹੈ।
ਵਿਨੇਸ਼ ਫੋਗਾਟ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਏਟਾ ਵਿੱਚ ਰਹਿਣ ਵਾਲੇ ਨੌਜਵਾਨ ਕਵੀ ਪੁਸ਼ਿਆਮਿਤਰਾ ਉਪਾਧਿਆਏ ਦੀ ਮਸ਼ਹੂਰ ਕਵਿਤਾ ‘ਵੀ ਵਾਂਟ ਜਸਟਿਸ’ ਹੈਸ਼ਟੈਗ ‘ਸੁਨੋ ਦ੍ਰੋਪਦੀ ਸ਼ਾਸਤਰ ਉਠਾ ਲੋ’ ਨਾਲ ਟਵੀਟ ਕੀਤਾ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ, ਓਲੰਪੀਅਨ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਕਈ ਦਿੱਗਜ ਪਹਿਲਵਾਨ ਲੰਬੇ ਸਮੇਂ ਤੋਂ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਸਰਕਾਰ ਨੇ ਅੰਦੋਲਨਕਾਰੀ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ ਵਿੱਚ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰ ਦਿੱਤੀ ਜਾਵੇਗੀ। ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਪਹਿਲਵਾਨਾਂ ਨੇ ਅੰਦੋਲਨ ਮੁਲਤਵੀ ਕਰ ਦਿੱਤਾ।
ਦਿੱਲੀ ਪੁਲਿਸ ਨੇ ਵੀਰਵਾਰ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪੋਕਸੋ ਦੇ ਤਹਿਤ ਦੋਸ਼ਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਅਤੇ ਜਿਨਸੀ ਸ਼ੋਸ਼ਣ ਅਤੇ ਪਿੱਛਾ ਕਰਨ ਦੇ ਦੋਸ਼ਾਂ ‘ਤੇ ਚਾਰਜਸ਼ੀਟ ਦਾਇਰ ਕੀਤੀ। ਦਿੱਲੀ ਪੁਲਿਸ ਵੱਲੋਂ ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਹਾਊਸ ਕੋਰਟ ‘ਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਗਈ ਹੈ। ਅਦਾਲਤ ਕੈਂਸਲੇਸ਼ਨ ਰਿਪੋਰਟ ‘ਤੇ 4 ਜੁਲਾਈ ਨੂੰ ਸੁਣਵਾਈ ਕਰੇਗੀ। ਇਸ ਦੇ ਨਾਲ ਹੀ ਸਿੰਘ ਵਿਰੁੱਧ ਛੇ ਬਾਲਗ ਪਹਿਲਵਾਨਾਂ ਦੇ ਦੋਸ਼ਾਂ ਦੇ ਮਾਮਲੇ ਵਿੱਚ ਪੁਲੀਸ ਨੇ ਰੌਜ਼ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ’ਤੇ ਵਿਚਾਰ ਲਈ ਅਦਾਲਤ ਨੇ 22 ਜੂਨ ਦੀ ਤਰੀਕ ਤੈਅ ਕੀਤੀ ਹੈ।