ਮੌਸਮ ਬਾਰੇ ਅਪਡੇਟਸ ਲੱਭਣ ਦੀ ਪਰੇਸ਼ਾਨੀ ਜਲਦੀ ਖਤਮ ਹੋਣ ਜਾ ਰਹੀ ਹੈ। ਹੁਣ ਇੱਕ ਕਲਿੱਕ ‘ਤੇ ਤੁਹਾਨੂੰ ਆਪਣੇ ਇਲਾਕੇ ਦੇ ਮੌਸਮ ਬਾਰੇ ਜਾਣਕਾਰੀ ਮਿਲ ਜਾਵੇਗੀ। ਇਸ ਦੇ ਲਈ ਭਾਰਤ ਮੌਸਮ ਵਿਭਾਗ (IMD) ਜਲਦੀ ਹੀ ਇੱਕ ਨਵਾਂ ਸਿਸਟਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਸਿਰਫ ਪਿੰਨ ਕੋਡ ਨਾਲ ਹੀ ਉਸ ਖੇਤਰ ਦਾ ਮੌਸਮ ਅਪਡੇਟ ਮਿਲੇਗਾ।
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤਯੂੰਜਯ ਮਹਾਪਾਤਰਾ ਨੇ ਦੱਸਿਆ ਕਿ ਜਦੋਂ ਵੀ ਅਤੇ ਜਿੱਥੇ ਵੀ ਕੋਈ ਵਿਅਕਤੀ ਮੌਸਮ ਦੀ ਜਾਣਕਾਰੀ ਚਾਹੁੰਦਾ ਹੈ, ਇਹ ਉਸ ਲਈ ਉਪਲਬਧ ਹੋਣੀ ਚਾਹੀਦੀ ਹੈ। ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਹਰ ਪਿੰਡ ਵਿੱਚ ਆਬਜ਼ਰਵੇਟਰੀ ਖੋਲ੍ਹਣਾ ਸੰਭਵ ਨਹੀਂ ਹੈ ਪਰ ਵਿਸ਼ਲੇਸ਼ਣ ਨਾਲ ਅਸੀਂ ਕਿਤੇ ਵੀ ਮੌਸਮ ਦੀ ਭਵਿੱਖਬਾਣੀ ਕਰ ਸਕਦੇ ਹਾਂ। ਮਹਾਪਾਤਰਾ ਨੇ ਅੱਗੇ ਕਿਹਾ ਕਿ ਨਿਰੀਖਣ ਦੇ ਨਾਲ-ਨਾਲ ਸਾਡੀ ਗਣਨਾ ਕਰਨ ਦੀ ਸਮਰੱਥਾ ਵੀ ਵਧੀ ਹੈ। ਅਜਿਹੇ ‘ਚ ਅਸੀਂ ਪਿੰਨ ਕੋਡ ਦੇ ਆਧਾਰ ‘ਤੇ ਦੇਸ਼ ‘ਚ ਕਿਤੇ ਵੀ ਮੌਸਮ ਦੀ ਭਵਿੱਖਬਾਣੀ ਕਰਨ ਦੀ ਯੋਜਨਾ ਬਣਾ ਰਹੇ ਹਾਂ। ਲੋਕ IMD ਦੀ ਵੈੱਬਸਾਈਟ ‘ਤੇ ਕਲਿੱਕ ਕਰਕੇ ਮੌਸਮ ਦੇ ਅਪਡੇਟਸ ਜਾਣ ਸਕਣਗੇ। ਇਸ ਦੇ ਲਈ ਮੌਸਮ ਵਿਭਾਗ ਨੇ ਹਰ ਹਰ ਮੌਸਮ, ਘਰ ਘਰ ਮੌਸਮ ਦਾ ਨਾਅਰਾ ਵੀ ਤਿਆਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਮੌਸਮ ਵਿਭਾਗ ਦੀ ਜਾਣਕਾਰੀ ਲਈ ਦੇਸ਼ ਭਰ ਵਿੱਚ ਡੋਪਲਰ ਰਡਾਰ ਦਾ ਜਾਲ ਵਿਛਾਇਆ ਜਾ ਰਿਹਾ ਹੈ। ਡੋਪਲਰ ਰਡਾਰ ਲਗਾਉਣ ਨਾਲ ਮੌਸਮ ਵਿਭਾਗ ਨੂੰ ਰਾਡਾਰ ਤੋਂ 400 ਕਿਲੋਮੀਟਰ ਦੀ ਦੂਰੀ ‘ਤੇ ਮੌਸਮ ਦੀ ਸਹੀ ਜਾਣਕਾਰੀ ਮਿਲ ਸਕੇਗੀ। ਰਾਡਾਰ ਬਾਰੇ ਮਹਾਪਾਤਰਾ ਨੇ ਦੱਸਿਆ ਕਿ ਲਗਭਗ 80 ਫੀਸਦੀ ਖੇਤਰ ਨੂੰ ਡੋਪਲਰ ਰਡਾਰ ਨਾਲ ਕਵਰ ਕੀਤਾ ਗਿਆ ਹੈ। ਸਾਡੇ ਕੋਲ ਇਸ ਸਮੇਂ 37 ਡੋਪਲਰ ਰਾਡਾਰ ਹਨ। 2025 ਦੇ ਅੰਤ ਤੱਕ, ਇਸ ਵਿੱਚ 24 ਹੋਰ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕਾਫੀ ਨਹੀਂ ਹੈ। ਸਾਨੂੰ ਹੋਰ ਰਾਡਾਰ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਅਸੀਂ 86 ਰਾਡਾਰਾਂ ਦਾ ਟੀਚਾ ਰੱਖਿਆ ਹੈ। ਮੌਸਮ ਵਿਭਾਗ ਵੱਲੋਂ ਐਸਐਮਐਸ ’ਤੇ ਵੀ ਅਲਰਟ ਭੇਜਿਆ ਜਾਂਦਾ ਹੈ, ਪਰ ਇਸ ਦੇ ਦੇਰੀ ਨਾਲ ਪਹੁੰਚਣ ਦੀਆਂ ਸ਼ਿਕਾਇਤਾਂ ਹਨ।