Woman touched CMO feet: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਆਤੰਕ ਮਚਾਇਆ ਹੋਇਆ ਹੈ। ਹਰ ਦਿਨ ਕੋਰੋਨਾ ਦੇ ਨਵੇਂ ਮਰੀਜ਼ ਰਿਕਾਰਡ ਤੋੜ ਰਹੇ ਹਨ। ਸਥਿਤੀ ਇਹ ਹੈ ਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ ਅਤੇ ਮਰੀਜ਼ ਇੱਕ-ਇੱਕ ਬੈੱਡ ਦੀ ਉਡੀਕ ਵਿੱਚ ਦਮ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚਾਲੇ ਇੱਕ ਹੈਰਾਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਨੋਇਡਾ ਵਿੱਚ ਇੱਕ ਬੇਵਸ, ਲਾਚਾਰ ਅਤੇ ਸਿਸਟਮ ਦੀ ਮਾਰੀ ਇੱਕ ਮਾਂ CMO ਦੇ ਦਫਤਰ ਵਿੱਚ ਉਸਦੀਆਂ ਮਿੰਨਤਾਂ ਕਰਦੀ ਰਹੀ ਤੇ ਉਸਦੇ ਪੈਰ ਫੜ੍ਹਦੀ ਰਹੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਵੀਡੀਓ ਵਿੱਚ ਆਪਣੇ ਬਿਮਾਰ ਬੇਟੇ ਲਈ ਰੇਮਡੇਸਿਵਿਰ ਟੀਕੇ ਦੀ ਮੰਗ ਕਰ ਰਹੀ ਹੈ। ਇਸ ਟੀਕੇ ਦੀ ਮੰਗ ਕਰਦਿਆਂ ਇਹ ਮਾਂ ਖੰਡਿ ਹੋਈ ਦਿਖਾਈ ਦੇ ਰਹੀ ਹੈ ਕਿ ਰੇਮਡੇਸਿਵਿਰ ਟੀਕੇ ਨਾਲ ਮੇਰੇ ਬੇਟੇ ਦੀ ਜਾਨ ਬਚਾ ਲਓ।’ ਪਰ ਸਿਸਟਮ ਦੀ ਬੇਰਹਿਮੀ ਨੇ 24 ਸਾਲਾਂ ਦੇ ਬੇਟੇ ਨੂੰ ਬੇਵੱਸ ਮਾਂ ਤੋਂ ਖੋਹ ਲਿਆ ।
ਦਰਅਸਲ, ਨੋਇਡਾ ਦੀ ਖੋੜਾ ਕਾਲੋਨੀ ਦੀ ਰਹਿਣ ਵਾਲੀ ਰਿੰਕੀ ਦੇਵੀ ਦਾ ਇਕਲੌਤਾ ਪੁੱਤਰ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ। ਨੋਇਡਾ ਦੇ ਸੈਕਟਰ 51 ਸਥਿਤ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਇੱਥੇ ਡਾਕਟਰਾਂ ਨੇ ਰਿੰਕੀ ਦੇਵੀ ਨੂੰ ਰੇਮਡੇਸਿਵਿਰ ਟੀਕਾ ਲਿਆ ਕੇ ਦੇਣ ਦੀ ਪਰਚੀ ਦੇ ਦਿੱਤੀ। ਮਾਂ ਨੂੰ ਪਤਾ ਲੱਗਿਆ ਕਿ ਇਹ ਟੀਕਾ ਸੈਕਟਰ 39 ਦੇ ਸੀਐਮਓ ਦਫਤਰ ਤੋਂ ਮਿਲੇਗਾ । ਬੇਟੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਬੇਵੱਸ ਮਾਂ ਸੀਐਮਓ ਦਫਤਰ ਦੀ ਦਹਿਲੀਜ਼ ਤੱਕ ਪਹੁੰਚ ਗਈ । ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਰਿੰਕੀ ਦੇਵੀ ਨੂੰ ਲੱਗਿਆ ਕਿ ਇਹ ਟੀਕਾ ਪਾਉਣਾ ਬਹੁਤ ਮੁਸ਼ਕਿਲ ਹੈ, ਤਾਂ ਉਸਦਾ ਸਾਹਮਣਾ ਸੀਐਮਓ ਡਾਕਟਰ ਦੀਪਕ ਓਹਰੀ ਨਾਲ ਹੋ ਗਿਆ।
ਸੀਐਮਓ ਨੂੰ ਵੇਖਦਿਆਂ ਹੀ ਰਿੰਕੀ ਦੇਵੀ ਉਸ ਦੇ ਪੈਰਾਂ ‘ਤੇ ਡਿੱਗ ਪਈ ਅਤੇ ਪੁੱਤਰ ਦੀ ਜਾਨ ਬਚਾਉਣ ਦੀ ਫਰਿਆਦ ਕਰਦਿਆਂ ਟੀਕਾ ਮੰਗਣ ਲੱਗੀ । ਮੁੱਖ ਮੈਡੀਕਲ ਅਫਸਰ ਨੇ ਉਨ੍ਹਾਂ ਤੋਂ ਪਰਚੀ ਲੈ ਲਈ, ਪਰ ਰੇਮਡੇਸਿਵਿਰ ਦੀ ਘਾਟ ਦੀ ਗੱਲ ਕਹਿ ਕੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ । ਬੇਸਹਾਰਾ, ਲਾਚਾਰ ਮਾਂ ਸ਼ਾਮ ਤੱਕ ਸੀ.ਐੱਮ.ਓ ਦਫਤਰ ਵਿਖੇ ਮਦਦ ਦੀ ਉਡੀਕ ਕਰਦੀ ਰਹੀ, ਪਰ ਉਸ ਨੂੰ ਟੀਕਾ ਨਹੀਂ ਮਿਲਿਆ । ਜਿਸ ਤੋਂ ਬਾਅਦ ਉਹ ਖਾਲੀ ਹੱਥ ਹਸਪਤਾਲ ਵਾਪਸ ਚਲੀ ਗਈ। ਜਿੱਥੇ ਉਸਦਾ ਬੇਟਾ ਦਮ ਤੋੜ ਚੁੱਕਿਆ ਸੀ।