newzealand sikh sangat: ਨਿਊਜ਼ੀਲੈਂਡ ‘ਚ ਲਾਕਡਾਊਨ ਦੌਰਾਨ ਦੇਸ਼ ਭਰ ‘ਚ ਹਜ਼ਾਰਾਂ ਲੋਕਾਂ ਤੱਕ ਫ਼ੂਡ ਬੈਗ ਪਹੁੰਚਾਉਣ ਲਈ ਵੱਡਾ ਹੰਭਲਾ ਮਾਰਨ ਵਾਲੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਅਗਲੇ ਪੱਧਰ ਦੀ ਸੇਵਾ ਕਰਨ ਲਈ ਮਨ ਬਣਾ ਲਿਆ ਹੈ। ਨਵੇਂ ਉਪਰਾਲੇ ਤਹਿਤ ਠੰਢ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੇ ਪੜਾਅ ‘ਚ ਵੱਡੀ ਗਿਣਤੀ ‘ਚ ਕੰਬਲ ਵੰਡਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਅਗਲੇ ਸਮੇਂ ਦੌਰਾਨ ਮਾਓਰੀ ਬੱਚਿਆਂ ਨੂੰ 5 ਹਜ਼ਾਰ ਸਪੋਰਟਸ ਬੂਟ ਵੰਡ ਦੀ ਵੀ ਯੋਜਨਾ ਹੈ। ਸੁਸਾਇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ 300 ਕੰਬਲਾਂ ਦਾ ਹਿੱਸਾ ਪਾਇਆ ਜਾ ਰਿਹਾ ਹੈ ਜਦੋਂਕਿ ਹੋਰ ਸਹਿਯੋਗੀਆਂ ਵੱਲੋਂ 700 ਕੰਬਲਾਂ ਦੀ ਸੇਵਾ ਲਈ ਗਈ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ‘ਚ ਪਹਿਲੇ ਪੜਾਅ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਕੰਬਲ ਵੰਡੇ ਜਾਣ ਦਾ ਪ੍ਰੋਗਗਰਾਮ ਬਣਾਇਆ ਗਿਆ ਹੈ। ਸੰਗਤ ਨੂੰ ਹਰ ਘਰ ਤਰਫੋਂ 2-2 ਕੰਬਲਾਂ ਦੀ ਸੇਵਾ ਲੈਣ ਦੀ ਅਪੀਲ ਕੀਤੀ ਹੈ ਅਤੇ ਦੋ-ਦੋ ਕੰਬਲ ਖੁਦ ਖ੍ਰੀਦ ਕੇ ਗੁਰੂਘਰ ਪਹੁੰਚਾ ਸਕਦੇ ਹਨ। ਸੁਸਾਇਟੀ ਅਨੁਸਾਰ ਲਾਕਡਾਊਨ ਤੋਂ ਬਾਅਦ ਜਦੋਂ ਹਾਲਾਤ ਆਮ ਵਰਗੇ ਹੋ ਗਏ ਤਾਂ ਲੋੜਵੰਦ ਮਾਓਰੀ ਬੱਚਿਆਂ ਨੂੰ 5 ਹਜ਼ਾਰ ਸਪੋਰਟਸ ਬੂਟ ਵੰਡਣ ਬਾਰੇ ਵੀ ਭਾਈਚਾਰੇ ਦੇ ਸਹਿਯੋਗ ਨਾਲ ਯੋਜਨਾ ਬਣਾਈ ਜਾ ਰਹੀ ਹੈ।