Overseas travelers will : ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਏਕਾਂਤਵਾਸ ਲਈ ਹੋਟਲਾਂ ਵਿਚ ਕੁਆਰੰਟਾਈਨ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਹੋਟਲਾਂ ਵਿਚ ਠਹਿਰਣ ਵਾਲੇ ਸਾਰੇ ਯਾਤਰੀਆਂ ਨੂੰ ਸਾਰਾ ਖਰਚਾ ਖੁਦ ਹੀ ਚੁੱਕਣਾ ਹੋਵੇਗਾ। ਇਸ ਅਧੀਨ ਪ੍ਰਸ਼ਾਸਨ ਵਲੋਂ 26 ਹੋਟਲਾਂ ਤੇ 1 ਇੰਸਟੀਚਿਊਟ ਦੀ ਲਿਸਟ ਬਣਾਈ ਗਈ ਹੈ ਜਿਥੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਇਹ ਜਾਣਕਾਰੀ ਡਾ. ਵਰਿੰਦਰ ਕੁਮਾਰ ਸ਼ਰਮਾ ਨੇ ਦਿੱਤੀ।
ਡੀ. ਸੀ. ਨੇ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਕੁਆਰੰਟਾਈਨ ਦੀ ਵਿਵਸਥਾ ਪੂਰੀ ਕੀਤੀ ਗਈ ਹੈ ਤੇ ਇਹ ਜਿੰਮੇਵਾਰੀ ਅਨੁਪਮ ਕਲੇਰ ਡਿਪਟੀ ਡਾਇਰੈਕਟਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਯਾਤਰੀ ਵਿਦੇਸ਼ਾਂ ਤੋਂ ਆਉਣ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ ਤੇ ਟੈਸਟਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਪਰਤਣ ਦੀ ਇਜਾਜ਼ਤ ਹੋਵੇਗੀ। ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜਿਹੜੇ ਯਾਤਰੀ ਮੈਰੀਟੋਰੀਅਸ ਸਕੂਲ ਵਿਚ ਕੁਆਰੰਟਾਈਨ ਨਹੀਂ ਹੋਣਾ ਚਾਹੁੰਦੇ ਤੇ ਹੋਟਲਾਂ ਵਿਚ ਰੁਕਣਾ ਚਾਹੁੰਦੇ ਹਨ ਉਨ੍ਹਾਂ ਨੂੰ ਖੁਦ ਹੋਟਲ ਦਾ ਖਰਚਾ ਚੁੱਕਣਾ ਪਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀਆਂ ਲਈ ਕਿਰਾਇਆ ਤੇ ਖਾਣੇ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਉਥੇ ਮੈਡੀਕਲ ਸਹੂਲਤ ਵੀ ਮਿਲੇਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਉਥੇ ਮੈਡੀਕਲ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜਿੰਮੇਵਾਰੀ ਸਿਵਲ ਸਰਜਨ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ NRI’s ਲਈ ਦੋ ਕੈਟਾਗਰੀਆਂ ਬਣਾਈਆਂ ਗਈਆਂ ਹਨ। ਇਕ ਉਹ ਜੋ ਵਿਦੇਸ਼ਾਂ ਤੋਂ ਵਾਪਸ ਭਾਰਤ ਆਉਣਾ ਚਾਹੁੰਦੇ ਹਨ ਅਤੇ ਦੂਜੇ ਜਿਹੜੇ ਭਾਰਤੀ ਵਿਦੇਸ਼ਾਂ ਵਿਚ ਵਾਪਸ ਜਾਣਾ ਚਾਹੁੰਦੇ ਹਨ ਉਨ੍ਹਾਂ ਦੋਵਾਂ ਦੀ ਮਦਦ ਲਈ ਪ੍ਰਸ਼ਾਸਨ ਵਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਪੁਲਿਸ ਵਿਭਾਗ ਵੀ ਉਨ੍ਹਾਂ ਦੇ ਇਸ ਕੰਮ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣਗੇ। ਸਿਹਤ ਵਿਭਾਗ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਦੇਸ਼ਾਂ ਤੋਂ ਆਉਣ ਵਾਲਾ ਕੋਈ ਵੀ ਵਿਅਕਤੀ ਬਿਨਾਂ ਸਕਰੀਨਿੰਗ ਤੋਂ ਘਰ ਵਾਪਸ ਨਾ ਭੇਜਿਆ ਜਾਵੇ। ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਹੀ ਉਸ ਨੂੰ ਘਰ ਜਾਣ ਦੀ ਇਜਾਜ਼ਤ ਹੋਵੇਗੀ।