ਲੁਧਿਆਣਾ : ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਸੂਬੇ ਦੇ ਪੈਟਰੋਲੀਅਮ ਡੀਲਰ ਵਪਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਇਸ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਖਰਚਿਆਂ ਦੇ ਬੋਝ ਨੂੰ ਘੱਟ ਕਰਨ ਲਈ ਹੁਣ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇਗੀ। ਇਹ ਪ੍ਰਕਿਰਿਆ 1 ਜੂਨ ਤੋਂ ਲਾਗੂ ਹੋਵੇਗੀ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਛੁੱਟੀ ਹੋਣ ਦੇ ਕਰਨ ਜ਼ਿਆਦਾਤਰ ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਅਤੇ ਮੀਟਿੰਗ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾਵੇਗਾ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੈਟਰੋਲ ਪੰਪ ਡੀਲਰ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ।
ਹਾਲਾਂਕਿ ਕਈ ਸਾਲਾਂ ਤੋਂ ਕੰਪਨੀਆਂ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਖਰਚੇ ਪੂਰੇ ਕਰਨੇ ਵੀ ਔਖੇ ਹੋ ਰਹੇ ਹਨ। ਅਜਿਹੇ ‘ਚ ਪੈਟਰੋਲ ਪੰਪ ਮਾਲਕਾਂ ਕੋਲ ਇੱਕ ਦਿਨ ਦੀ ਛੁੱਟੀ ਲੈ ਕੇ ਖਰਚੇ ਘੱਟ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।
ਇਸ ਦੇ ਨਾਲ ਹੀ ਪੈਟਰੋਲ ਪੰਪ ਮਾਲਕ 31 ਮਈ ਨੂੰ ਗੁੱਸੇ ਵਿੱਚ ਕੋਈ ਵੀ ਉਤਪਾਦ ਨਹੀਂ ਖਰੀਦਣਗੇ। ਜੋ ਵੀ ਸਟਾਕ ਹੈ ਉਹ ਵੇਚਿਆ ਜਾਵੇਗਾ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ ਨੇ ਵੀ ਦੇਸ਼ ਭਰ ਦੀਆ ਵੱਖ-ਵੱਖ ਪੈਟਰੋਲੀਅਮ ਡੀਲਰ ਜੱਥੇਬੰਦੀਆਂ ਵੱਲੋਂ 31 ਨੂੰ ਨੋ ਪਰਚੇਜ਼ ਡੇਅ ਮਨਾਉਣ ਦੇ ਸੱਦੇ ਦਾ ਸਮਰਥਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: