ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 41,000 ਕਰੋੜ ਰੁਪਏ ਤੋਂ ਵੱਧ ਦੀਆਂ ਲਗਭਗ 2000 ਰੇਲਵੇ ਬੁਨਿਆਦੀ ਢਾਂਚਾ ਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੁਝ ਹੋਰ ਯੋਜਨਾਵਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ‘ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਿਹਤ 553 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਵੀ ਉਦਘਾਟਨ ਕੀਤਾ। 27 ਸੂਬਿਆਂ ਤੇ ਕੇਂਦਰ ਸ਼ਾਸਤਰ ਪ੍ਰਦੇਸ਼ਾਂ ਵਿਚ ਸਥਿਤ ਇਨ੍ਹਾਂ ਸਟੇਸ਼ਾਂ ਦਾ 19000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੁਨਰ ਵਿਕਾਸ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਦਫਤਰ ਮੁਤਾਬਕ ਇਹ ਸਟੇਸ਼ਨ ਸ਼ਹਿਰ ਦੇ ਦੋਵੇਂ ਕਿਨਾਰਿਆਂ ਨੂੰ ਨਾਲ ਮਿਲਾਉਂਦੇ ਹੋਏ ‘ਸ਼ਹਿਰ ਦੇ ਕੇਂਦਰ’ ਵਜੋਂ ਕੰਮ ਕਰਨਗੇ। ਇਨ੍ਹਾਂ ਸਟੇਸ਼ਾਂ ‘ਤੇ ਸੁੰਦਰ ਦ੍ਰਿਸ਼, ਇੰਟਰ ਮਾਡਲ ਕਨੈਕਟਿਵਟੀ, ਬੱਚਿਆਂ ਦੇ ਖੇਡਣ ਲਈ ਥਾਂ, ਫੂਡ ਕੋਰਟ ਸਣੇ ਆਧੁਨਿਕ ਯਾਤਰੀ ਸਹੂਲਤਾਂ ਉਪਲਬਧ ਹੋਣਗੀਆਂ।
ਇਨ੍ਹਾਂ ਸਟੇਸ਼ਨਾਂ ਨੂੰ ਵਾਤਾਵਰਣ ਤੇ ਦਿਵਿਆਂਗਾਂ ਦੇ ਅਨੁਕੂਲ ਪੁਨਰ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨ ਭਵਨਾਂ ਦਾ ਡਿਜ਼ਾਈਨ ਸਥਾਨਕ ਸੰਸਕ੍ਰਿਤੀ, ਵਿਰਾਸਤ ਤੇ ਵਾਸਤੂ ਕਲਾ ਤੋਂ ਪ੍ਰੇਰਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿਚ ਗੋਮਤੀ ਨਗਰ ਸਟੇਸ਼ਨ ਦਾ ਉਦਘਾਟਨ ਕੀਤਾ। ਲਗਭਗ 385 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਇਸ ਦਾ ਪੁਨਰ ਵਿਕਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਰੀਜ਼ਾਂ ਦੇ ਬੇਹਤਰ ਇਲਾਜ ਲਈ ਸਿਹਤ ਵਿਭਾਗ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਨੂੰ ਮਿਲਿਆ ‘ਏ’ ਗ੍ਰੇਡ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 1500 ਰੋਡ ਓਵਰਬ੍ਰਿਜ ਤੇ ਅੰਡਰਪਾਸ ਦਾ ਉਦਘਾਟਨ ਕੀਤਾ ਤੇ ਇਨ੍ਹਾਂ ਵਿਚੋਂ ਕੁਝ ਨੂੰ ਰਾਸ਼ਟਰ ਨੂੰ ਸਮਰਪਿਤ ਵੀ ਕੀਤਾ। ਇਹ ਰੋਡ ਓਵਰਬ੍ਰਿਜ ਤੇ ਅੰਡਰਪਾਸ 24 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਥਿਤ ਹਨ। ਲਗਭਗ 21,520 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਯੋਜਨਾਵਾਂ ਦਾ ਨਿਰਮਾਣ ਕੀਤਾ ਗਿਆ ਹੈ।