ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਦੇ ਮੱਦੇਨਜ਼ਰ ਨਾਰਥ ਜ਼ੋਨ ਜਲੰਧਰ ਵੱਲੋਂ ‘ਸਟਾਪ ਥੈਫਟ’ ਮਿਸ਼ਨ ਸ਼ੁਰੂ ਕਰਦੇ ਹੋਏ 79 ਉਪਭੋਗਤਾਵਾਂ ਨੂੰ 10.7 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਠੋਕਿਆ ਗਿਆ।
ਸਟਾਪ ਥੈਪਟ ਮਿਸ਼ਨ ਅਧੀਨ ਕਾਰਵਾਈ ਕਰਨ ਲਈ ਜਲੰਧਰ ਸਰਕਲ ਦੀਆਂ 5 ਡਵੀਜ਼ਨਾਂ ਵਿਚ 17 ਟੀਮਾਂ ਦਾ ਗਠਨ ਕੀਤਾ ਗਿਆ। ਚੀਫ ਇੰਜੀਨੀਅਰ ਆਰ.ਐੱਲ.ਸਾਰੰਗਲ ਦੇ ਹੁਕਮਾਂ ‘ਤੇ ਉਕਤ ਟੀਮਾਂ ਤੋਂ ਸਵੇਰੇ ਅਚਨਚੇਤ ਚੈਕਿੰਗ ਕਰਵਾਉਂਦੇ ਹੋਏ 998 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਡਿਪਟੀ ਚੀਫ ਇੰਜੀਨੀਅਰ ਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਦੀ ਅਗਵਾਈ ਵਿਚ ਹੋਈ ਇਸ ਕਾਰਵਾਈ ਵਿਚ ਸਿੱਧੀ ਕੁੰਡੀ ਲਗਾਉਣ ਸਬੰਧੀ 27 ਕੇਸ ਫੜੇ ਗਏ ਜਿਨ੍ਹਾਂ ਨੂੰ 6.05 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਦੂਜੇ ਪਾਸੇ 42 ਕੇਸਾਂ ਵਿਚ 3.7 ਲੱਖ ਜਦੋਂ ਕਿ ਬਿਜਲੀ ਦਾ ਗਲਤ ਇਸਤੇਮਾਲ ਕਰਨ ਦੇ ਕੇਸਾਂ ਵਿਚ 1 ਲੱਖ ਦੇ ਕਰੀਬ ਜੁਰਮਾਨਾ ਕੀਤਾ ਗਿਆ।
ਇਹ ਵੀ ਪੜ੍ਹੋ : CM ਮਾਨ ਨੇ ਭਲਕੇ ਬੁਲਾਈ ਪੰਜਾਬ ਕੈਬਨਿਟ ਦੀ ਬੈਠਕ, ਮੁਲਾਜ਼ਮਾਂ ਨੂੰ ਮਿਲ ਸਕਦੀ ਵੱਡੀ ਸੌਗਾਤ
ਛਾਪੇਮਾਰੀ ਟੀਮਾਂ ਨੂੰ ਅਸਿਸਟੈਂਟ ਸੁਪਰਡੈਂਟ ਇੰਜੀਨੀਅਰ, ਜਸਪਾਲ ਸਿੰਘ ਪਾਲ ਵੱਲੋਂ ਲੀਡ ਕੀਤਾ ਗਿਆ। ਟੀਮਾਂ ਵੱਲੋਂ ਅਰਜੁਨ ਨਗਰ, ਅੰਬਿਕਾ ਕਾਲੋਨੀ, ਗੋਬਿੰਦ ਮੁਹੱਲਾ, ਕਾਦੀਆਂ, ਅਵਤਾਰ ਨਗਰ, ਪੰਨੂ ਵਿਹਾਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਲੀ ਮੁਹੱਲਾ ਵਿਚ ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਚਲਾਉਣ ਵਾਲੇ 40 ਉਪਭੋਗਤਾਵਾਂ ਨੂੰ 1.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਮੁਫਤ ਬਿਜਲੀ ਦਾ ਗਲਤ ਇਸਤੇਮਾਲ ਕਰਨ ਵਾਲੇ ਉਪਭੋਗਤਾਵਾਂ ਖਿਲਾਫ ਯੂਈਈ ਦੇ ਕੇਸ ਬਣਾ ਕੇ ਬਣਦੀ ਕਾਰਵਾਈ ਕੀਤੀ ਗਈ ਹੈ। ਵਿਭਾਗ ਵੱਲੋਂ ਬਿਜਲੀ ਚੋਰੀ ਵਿਚ ਇਸੇਤਮਾਲ ਕੀਤੇ ਜਾਣ ਵਾਲੇ ਉਪਕਰਣਾਂ ਤੇ ਹੋਰ ਸਾਮਾਨ ਨੂੰ ਜ਼ਬਤ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –