ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਮੌਜੂਦ ਪਿੰਡ ਰਸੂਲਪੁਰ ਅੱਡੇ ਵਿਖੇ ਸ਼ਨੀਵਾਰ ਸ਼ਾਮ ਇੱਕ ਕੁੜੀ ਨੂੰ 2 ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਕਤ ਕੁੜੀ ਸੈਲੂਨ ਤੋਂ ਛੁੱਟੀ ਕਰ ਕੇ ਆਪਣੇ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਹੀ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਰੂਪ ਕੌਰ (23) ਪੁੱਤਰੀ ਮੰਗਲ ਸਿੰਘ ਨਿਵਾਸੀ ਪਿੰਡ ਬਨਵਾਲੀਪੁਰ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਤਰਨਤਾਰਨ ਸ਼ਹਿਰ ਦੇ ਇੱਕ ਸੈਲੂਨ ਵਿਚ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ। ਜਦੋਂ ਸ਼ਾਮ ਕਰੀਬ 5.30 ਵਜੇ ਸੈਲੂਨ ਤੋਂ ਛੁੱਟੀ ਕਰ ਕੇ ਆਪਣੇ ਪਿੰਡ ਬਨਵਾਲੀਪੁਰ ਜਾਣ ਲਈ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਉੱਪਰ ਮੌਜੂਦ ਪਿੰਡ ਰਸੂਲਪੁਰ ਵਿਖੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਅਚਾਨਕ ਇੱਕ ਮੋਟਰਸਾਈਕਲ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਵੱਲੋਂ ਨਵਰੂਪ ਕੌਰ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨਵਰੂਪ ਕੌਰ ਨੂੰ ਤਰਨਤਾਰਨ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਿੰਡ ਗੁਲਜ਼ਾਰਪੁਰਾ ਠਰੂਆ ਵਿਖੇ ਅਕਾਲੀ ਆਗੂ ਹਰਦੀਪ ਸਿੰਘ ਦੇ ਘਰ ‘ਤੇ ਚੱਲੀਆਂ ਗੋ/ਲੀਆਂ, ਘਟਨਾ CCTV ‘ਚ ਹੋਈ ਕੈਦ
ਨਵਰੂਪ ਕੌਰ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਨੌਜਵਾਨ ਅਰਜੁਨ ਸਿੰਘ ਅਤੇ ਉਸ ਦੇ ਸਾਥੀ ਨੇ ਮੇਰੀ ਬੇਟੀ ਨੂੰ, ਜੋ ਪਹਿਲਾਂ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ, ਵੱਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਿਤਾ ਨੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਡਿਟੈਕਟਿਵ ਜਗਜੀਤ ਸਿੰਘ ਅਤੇ ਡੀ. ਐੱਸ.ਪੀ. ਗੋਇੰਦਵਾਲ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਥਾਣਾ ਸਦਰ ਤਰਨ ਤਾਰਨ ਵਿਖੇ ਪਰਚਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























