ਪਿਛਲੇ ਦਿਨੀ ਮਾਨਸਾ ਦੇ ਦੋ ਨੌਜਵਾਨਾਂ ਨਾਲ ਐਡਮਿੰਟਨ ਵਿੱਚ ਮੰਦਭਾਗਾ ਹਾਦਸਾ ਵਾਪਰਿਆ। ਦੋਵੇਂ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ‘ਚੋਂ ਇੱਕ ਨੌਜਵਾਨ 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਅਤੇ ਦੂਜੇ ਨੌਜਵਾਨ ਨੂੰ ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜ ਸੀ। ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਨਾਲ ਸਬੰਧਤ ਸਨ।
ਇੱਕ ਮ੍ਰਿਤਕ ਦੀ ਪਛਾਣ ਰਣਵੀਰ ਸਿੰਘ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਵੀਰ ਦੀ ਉਮਰ ਮਹਿਜ਼ 20 ਸਾਲ ਸੀ ਅਤੇ ਉਹ ਦੋ ਸਾਲ ਪਹਿਲਾਂ ਹੀ ਬਰੈਮਟਨ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ। ਉਸ ਤੋਂ ਬਾਅਦ ਅਮਰੀਕਾ ਦੇ ਵੀਜ਼ੇ ਲਈ ਉਹ ਆਪਣੇ ਭਰਾ ਕੋਲ ਕੈਲਗਰੀ ਗਿਆ ਸੀ, ਜਿੱਥੇ ਉਸਦੇ ਦੋਸਤਾਂ ਨੇ ਉਸ ਨੂੰ ਪਾਰਟੀ ਲਈ ਐਡਮਿੰਟਨ ਬੁਲਾ ਲਿਆ।
ਉਹਨਾਂ ਦੱਸਿਆ ਕਿ ਪਾਰਟੀ ਤੋਂ ਬਾਅਦ ਜਦੋਂ ਖਾਣਾ ਖਾਣ ਲਈ ਉਹ ਆਪਣੀ ਗੱਡੀ ਵੱਲ ਪਹੁੰਚੇ ਤਾਂ ਉਹ ਉਸ ਜਗ੍ਹਾ ‘ਤੇ ਪਹਿਲਾਂ ਹੀ ਕੋਈ ਰੈਕੀ ਕਰ ਰਿਹਾ ਸੀ। ਜਦੋਂ ਉਹ ਡਰਾਈਵਰ ਸੀਟ ਉੱਪਰ ਬੈਠਿਆ ‘ਤਾਂ ਪਿੱਛੋਂ ਰਣਵੀਰ ਦੇ ਕਿਸੇ ਨੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਰਣਵੀਰ ਦੀ ਗਲੇ ਵਿੱਚ ਗੋਲੀ ਲੱਗਣ ਦੇ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸਾਡਾ ਬੱਚਾ ਬਹੁਤ ਸ਼ਰੀਫ ਸੀ ਅਤੇ ਜ਼ਿੰਦਗੀ ਦੇ ਬਹੁਤ ਸਾਰੇ ਸੁਪਨੇ ਲੈ ਕੇ ਕਨੇਡਾ ਗਿਆ ਸੀ ਪਰ ਅੱਜ ਉਹ ਸਾਰੇ ਸਪਨੇ ਅਧੂਰੇ ਛੱਡ ਕੇ ਪਰਿਵਾਰ ਨੂੰ ਪਿੱਛੇ ਰੋਂਦਾ ਛੱਡ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ MLA ਰਮਿੰਦਰ ਆਵਲਾ ਦੇ ਘਰ ਇਨਕਮ ਟੈਕਸ ਦੀ ਰੇਡ, IT ਟੀਮ ਵੱਲੋਂ ਖੰਗਾਲੇ ਜਾ ਰਹੇ ਦਸਤਾਵੇਜ਼
ਦੂਜੇ ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਕੰਮ ਕਰਨ ਲਈ ਵਿਦੇਸ਼ ਗਿਆ ਸੀ ਪਰ ਅੱਜ ਉਸ ਦੀ ਅਧੂਰੇ ਸੁਪਨਿਆਂ ਵਾਲੀ ਮ੍ਰਿਤਕ ਦੇਹ ਨੂੰ ਪਰਿਵਾਰ ਉਡੀਕ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰੇਗਾ ਕਿਉਂਕਿ ਬੱਚੇ ਕਮਾਈ ਕਰਨ ਤਾਂ ਜਾਂਦੇ ਹਨ ਪਰ ਵਿਦੇਸ਼ਾਂ ਵਿੱਚੋਂ ਵਾਪਸ ਉਹਨਾਂ ਦੀਆਂ ਲਾਸ਼ਾਂ ਹੀ ਆਉਂਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹ ਤਾਂ ਸਵੇਰੇ ਸ਼ਾਮ ਆਪਣੇ ਪਰਿਵਾਰ ਦਾ ਕਰਜ਼ਾ ਉਤਾਰਨ ਲਈ ਕੰਮ ਕਰ ਰਿਹਾ ਸੀ।
ਉੱਥੇ ਹੀ ਗੁਰਦੀਪ ਦੇ ਪਿਤਾ ਨੇ ਦੱਸਿਆ ਕਿ ਅਸੀਂ ਕਰਜ਼ਾ ਲੈ ਕੇ ਉਸ ਨੂੰ ਬਾਹਰ ਭੇਜਿਆ ਸੀ ਕਿ ਉਹ ਕਮਾ ਕੇ ਕਰਜ਼ਾ ਤਾਂ ਉਤਾਰੇਗਾ ਸਾਡੀ ਜ਼ਿੰਦਗੀ ਵੀ ਸੌਖੀ ਕਰੇਗਾ ਪਰ ਅੱਜ ਉਸਦੇ ਚਲੇ ਜਾਣ ਤੋਂ ਬਾਅਦ ਇੰਝ ਜਾਪਦਾ ਕਿ ਸਾਡਾ ਘਰ ਸੁਨਸਾਨ ਹੋ ਗਿਆ ਤੇ ਜੋ ਸੁਪਨੇ ਪਰਿਵਾਰ ਨੇ ਦੇਖੇ ਸੀ ਉਹ ਸਾਰੇ ਟੁੱਟ ਕੇ ਚੂਰ ਹੋ ਗਏ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸਰਕਾਰ ਮਦਦ ਕਰੇ ਜਿਸ ਨਾਲ ਅਸੀਂ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕੀਏ ਤੇ ਉਸਦਾ ਅੰਤਿਮ ਸਸਕਾਰ ਕਰ ਸਕੀਏ।
ਵੀਡੀਓ ਲਈ ਕਲਿੱਕ ਕਰੋ -:
























