ਪਠਾਨਕੋਟ ਅੰਦਰ ਲਗਾਤਾਰ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ, ਫੌਜ ਤੇ ਸੁਰੱਖਿਆ ਏਜੰਸੀਆਂ ਵਲੋਂ ਸਰਚ ਅਭਿਆਨ ਚਲਾਏ ਜਾ ਰਹੇ ਹਨ। ਬੀਤੀ ਦੇਰ ਰਾਤ ਪਠਾਨਕੋਟ ਦੇ ਪਿੰਡ ਫੰਗਤੋਲੀ ਵਿਖੇ ਇਕ ਮਹਿਲਾ ਵਲੋਂ ਸ਼ੱਕੀ 7 ਵਿਅਕਤੀਆਂ ਨੂੰ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਮੁੜ ਤੋਂ ਪੁਲਿਸ ਅਲਰਟ ਉਤੇ ਹੈ। ਪੁਲਿਸ ਵਲੋਂ ਸ਼ੱਕੀ ਇਕ ਵਿਅਕਤੀ ਦਾ ਸਕੈੱਚ ਵੀ ਜਾਰੀ ਕੀਤਾ ਗਿਆ ਹੈ।
ਪੁਲਿਸ ਨੇ ਮਹਿਲਾ ਦੀ ਜਾਣਕਾਰੀ ਦੇ ਆਧਾਰ ‘ਤੇ ਇੱਕ ਸ਼ੱਕੀ ਦਾ ਸਕੈਚ ਵੀ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ ਘਰ ਅੰਦਰ ਦਾਖਲ ਹੋਏ ਅਤੇ ਪੀਣ ਲਈ ਪਾਣੀ ਮੰਗਿਆ। ਉਹ ਪਾਣੀ ਪੀਣ ਤੋਂ ਬਾਅਦ ਫਿਰ ਜੰਗਲ ਵਿੱਚ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਪਿੰਡ ਦੇ ਆਲੇ-ਦੁਆਲੇ ਦੇ ਜੰਗਲਾਂ ‘ਚ ਸ਼ੱਕੀਆਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ 7 ਵਜੇ ਦੇ ਕਰੀਬ 7 ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੇ ਆਧਾਰ ‘ਤੇ ਅਸੀਂ ਤਲਾਸ਼ੀ ਮੁਹਿੰਮ ਚਲਾ ਰਹੇ ਹਾਂ। ਇਹ ਲੋਕ ਮਜ਼ਦੂਰ ਵੀ ਹੋ ਸਕਦੇ ਹਨ ਕਿਉਂਕਿ ਪਿੱਛੇ ਜੰਗਲੀ ਖੇਤਰ ਹੈ ਤੇ ਉੱਥੇ ਮਜ਼ਦੂਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਨੂੰ ਦੇਖ ਕੇ ਕੰਮ ਕਰ ਰਹੇ ਹਾਂ। ਇਸ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਮੁੜ CM ਮਾਨ ਦਾ ਜਨਤਾ ਦਰਬਾਰ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਤੇ ਅਫਸਰਾਂ ਨਾਲ ਕਰਨਗੇ ਮੀਟਿੰਗ
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ‘ਚ ਲਗਾਤਾਰ ਸ਼ੱਕੀ ਲੋਕਾਂ ਦੀ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਪੁਲਿਸ ਲਗਾਤਾਰ ਚੌਕਸ ਹੈ। 2-3 ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀਆਂ ਨੇ ਇੱਕ ਘਰ ਵਿੱਚ ਜਾ ਕੇ ਰੋਟੀ ਮੰਗੀ ਸੀ। ਇਸ ਤੋਂ ਬਾਅਦ ਬੇਹੜੀਆ ਪਿੰਡ ‘ਚ 2 ਸ਼ੱਕੀ ਵਿਅਕਤੀ ਦੇਖੇ ਗਏ। ਸੁਜਾਨਪੁਰ ਦੇ ਪਿੰਡ ਚੱਕ ਮਾਧੋ ਸਿੰਘ ਵਿੱਚ ਵੀ ਫੌਜ ਦੀ ਵਰਦੀ ਵਿੱਚ ਚਾਰ ਸ਼ੱਕੀ ਵਿਅਕਤੀ ਦੇਖੇ ਗਏ। ਉਨ੍ਹਾਂ ਕੋਲ ਹਥਿਆਰ ਵੀ ਸਨ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਵਰਦੀ ਵਾਲੇ ਵਿਅਕਤੀ ਬੀਐਸਐਫ ਦੇ ਜਵਾਨ ਸਨ।
ਵੀਡੀਓ ਲਈ ਕਲਿੱਕ ਕਰੋ -: