ਪੰਜਾਬ ਤੋਂ ਕਈ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਵਿਦੇਸ਼ਾਂ ਦੀ ਉਡਾਨ ਭਰਦੇ ਹਨ। ਉੱਥੇ ਜਾ ਕੇ ਪਹਿਲਾਂ ਪੜ੍ਹਾਈ ਕਰਦੇ ਹਨ ਅਤੇ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਪਰ ਕਈ ਵਾਰ ਵਿਦੇਸ਼ਾਂ ‘ਚ ਨੌਜਵਾਨਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹੀ ਹੀ ਇੱਕ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ।
ਸਮਾਣਾ ਦੇ ਪਿੰਡ ਕਾਨਗੜਹ ਦਾ ਨੌਜਵਾਨ ਕਨਵਰਪਾਲ ਸਿੰਘ 25 ਅਗਸਤ 2022 ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਸਦੀ ਪੜ੍ਹਾਈ ਉੱਥੇ ਪੂਰੀ ਹੋ ਗਈ ਅਤੇ ਉਸਨੂੰ ਡਿਗਰੀ ਮਿਲ ਗਈ। ਉਹ ਚਾਰ ਮਹੀਨੇ ਤੋਂ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ। ਦੋ ਦਿਨ ਪਹਿਲਾਂ ਜਦੋਂ ਕਨਵਰਪਾਲ ਸਿੰਘ ਆਪਣੀ ਕਾਰ ਰਾਹੀਂ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੇ ਆ ਰਹੇ ਇੱਕ ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਤਾਮਿਲਨਾਡੂ ਜਾ ਰਹੇ ਕਿਸਾਨਾਂ ਨੂੰ ਹਵਾਈ ਅੱਡੇ ‘ਤੇ ਰੋਕਿਆ, ਜਹਾਜ਼ ਦੀਆਂ ਟਿਕਟਾਂ ਕੀਤੀਆਂ ਕੈਂਸਲ
ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਪਰ ਬੀਤੀ ਸ਼ਾਮ ਉਸ ਦੀ ਉੱਥੇ ਮੌਤ ਹੋ ਗਈ ਹੈ। ਨੌਜਵਾਨ ਪੁੱਤਰ ਦੇ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਪਿਤਾ ਗੁਰਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਨੇ ਚਾਵਾਂ ਨਾਲ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੈਨੇਡਾ ਤੋਂ ਉਹਨਾਂ ਦਾ ਬੱਚਾ ਵਾਪਸ ਨਹੀਂ ਆਵੇਗਾ।
ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਪੀਆਰਟੀਸੀ ਦੇ ਵਿੱਚ ਡ੍ਰਾਈਵਰੀ ਦੀ ਨੌਕਰੀ ਕਰਦਾ ਹੈ। ਉਸ ਕੋਲ ਥੋੜੀ ਜਿਹੀ ਜ਼ਮੀਨ ਹੈ ਪਰ ਇਸ ਮੰਦਭਾਗੀ ਸੂਚਨਾ ਨਾਲ ਉਸਦੇ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਉਸਦੀ ਅੱਖਾਂ ਦੇ ਵਿੱਚ ਹੰਜੂ ਰੁਕਣ ਦਾ ਨਾਮ ਨਹੀਂ ਲੈ ਰਹੇ। ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: