ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਨਾਨਕਸਰ ਗੁਰਦੁਆਰੇ ਦੇ ਨੇੜੇ ਵੀਰਵਾਰ ਰਾਤ ਲਗਭਗ 9 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਟਰਾਲੇ ਨੇ ਟਾਇਰ ਬਦਲ ਰਹੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਇੱਕ ਵਿਅਕਤੀ ਨੇ ਮਸਾਂ ਆਪਣੀ ਜਾਨ ਬਚਾਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਸਿੰਘ ਹਿਰਾ ਨਗਰ, ਫਿਰੋਜ਼ਪੁਰ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸਬਜ਼ੀਆਂ ਨਾਲ ਭਰਿਆ ਟੈਂਪੋ ਲੈ ਕੇ ਫਿਰੋਜ਼ਪੁਰ ਤੋਂ ਕੀਰਤਪੁਰ ਅਤੇ ਨੰਗਲ ਵੱਲ ਜਾ ਰਿਹਾ ਸੀ। ਨਾਨਕਸਰ ਗੁਰਦੁਆਰੇ ਦੇ ਕੋਲ ਪੁਲ ਦੇ ਕਿਨਾਰੇ ਟੈਂਪੋ ਦਾ ਟਾਇਰ ਪੈਂਚਰ ਹੋ ਗਿਆ। ਦੋਵੇਂ ਭਰਾ ਟਾਇਰ ਬਦਲਣ ਲੱਗੇ। ਮਨਦੀਪ ਟਾਇਰ ਬਦਲਣ ਲਈ ਜੈਕ ਲਾ ਰਿਹਾ ਸੀ, ਜਦਕਿ ਗੁਰਪ੍ਰੀਤ ਸੜਕ ‘ਤੇ ਖੜਾ ਹੋ ਕੇ ਮੋਬਾਇਲ ਦੀ ਟਾਰਚ ਜਲਾ ਕੇ ਆਉਂਦੇ ਜਾਣ ਵਾਲੇ ਵਾਹਨਾਂ ਨੂੰ ਸੰਕੇਤ ਦੇ ਰਿਹਾ ਸੀ।
ਇਸ ਦੌਰਾਨ ਮੋਗਾ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਮਨਦੀਪ ਨੂੰ ਕੁਚਲ ਦਿਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਬਹੁਤ ਮੁਸ਼ਕਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੇ ਦੋਸ਼ ਲਾਇਆ ਕਿ ਟਰਾਲੇ ਦੇ ਡ੍ਰਾਈਵਰ ਨੂੰ ਨੀਂਦ ਆਈ ਹੋਈ ਸੀ, ਜਿਸ ਕਰਕੇ ਹਾਦਸਾ ਹੋਇਆ। ਟਰਾਲਾ ਇੰਨਾ ਤੇਜ਼ ਸੀ ਕਿ ਮਨਦੀਪ ਨੂੰ ਕੁਚਲਣ ਤੋਂ ਬਾਅਦ ਉਹ ਟੈਂਪੋ ਨਾਲ ਵੀ ਟੱਕਰਾ ਗਿਆ। ਬਸ ਸਟੈਂਡ ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਬਦਲਿਆ ਮੌਸਮ ਦਾ ਮਿਜਾਜ਼, ਪੰਜਾਬ ‘ਚ ਛਾਏ ਕਾਲੇ ਬੱਦਲ, ਹਨੇਰੀ ਨਾਲ ਮੀਂਹ ਪੈਣ ਦਾ ਅਲਰਟ
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ਵਿਚ ਰੱਖਵਾਇਆ ਗਿਆ ਹੈ। ਪੁਲਿਸ ਨੇ ਟੈਂਪੋ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਧਾਰ ‘ਤੇ ਜਾਂਚ ਜਾਰੀ ਹੈ। ਟਰਾਲੇ ਦਾ ਡ੍ਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਟੈਂਪੋ ‘ਚੋ ਸਬਜ਼ੀਆਂ ਦੇ ਥੈਲੇ ਸੜਕ ‘ਤੇ ਡਿੱਗ ਪਏ, ਜਿਸ ਕਾਰਨ ਪੁੱਲ ਦੇ ਉੱਤੇ ਹਰੀ ਮਿਰਚ, ਗੋਭੀ ਅਤੇ ਸ਼ਿਮਲਾ ਮਿਰਚੀ ਬਿਖਰੀ ਹੋਈ ਦਿਖਾਈ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
