AAP installs free WiFi hotspots: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 36ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਿੰਘੂ ਬਾਰਡਰ ‘ਤੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਹੁਣ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਸਕਣਗੇ । ਬਾਰਡਰ ‘ਤੇ ਖਰਾਬ ਕੁਨੈਕਟਿਵਿਟੀ ਦੀ ਸਮੱਸਿਆ ਹੁਣ ਹੱਲ ਹੋ ਗਈ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ । ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਕਿਸਾਨਾਂ ਦੀ ਸੁਵਿਧਾ ਲਈ ਸਿੰਘੂ ਬਾਰਡਰ ‘ਤੇ ਪੰਜ ਮੁਫਤ ਵਾਈਫਾਈ ਹਾਟਸਪਾਟ ਲਗਾਏ ਗਏ।
ਦਰਅਸਲ, ਖਰਾਬ ਕੁਨੈਕਟਿਵਿਟੀ ਦੀ ਸ਼ਿਕਾਇਤ ‘ਤੇ ਇੱਕ ਦਿਨ ਪਹਿਲਾਂ ਹੀ ਕੇਜਰੀਵਾਲ ਨੇ ਕਿਸਾਨਾਂ ਨੂੰ ਮੁਫਤ ਵਾਈਫਾਈ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ । ਚੱਢਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਕਮਜ਼ੋਰ ਨੈੱਟਵਰਕ ਵਾਲੀਆਂ ਥਾਵਾਂ ਦੀ ਪਛਾਣ ਕਰਨ ਤੋਂ ਬਾਅਦ ਵਾਈਫਾਈ ਹੌਟਸਪੌਟ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਅਜਿਹੀ ਮੰਗ ਟਿਕਰੀ ਬਾਰਡਰ ਤੋਂ ਵੀ ਆਉਂਦੀ ਹੈ ਤਾਂ ਇਸਦੀ ਸਹੂਲਤ ਉੱਥੇ ਵੀ ਪ੍ਰਦਾਨ ਕੀਤੀ ਜਾਵੇਗੀ। ਬਿਹਤਰ ਇੰਟਰਨੈਟ ਕੁਨੈਕਟਿਵਿਟੀ ਦੇ ਨਾਲ ਕਿਸਾਨ ਸੋਸ਼ਲ ਮੀਡੀਆ ‘ਤੇ ਨੇਤਾਵਾਂ ਰਾਹੀਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਨ ਦੇ ਯੋਗ ਵੀ ਹੋਣਗੇ, ਜਦਕਿ ਉਨ੍ਹਾਂ ਨੂੰ ਵੀਡਿਓ ਕਾਲਾਂ ਰਾਹੀਂ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਾ ਮੌਕਾ ਵੀ ਮਿਲੇਗਾ।
ਇਸ ਤੋਂ ਅੱਗੇ ਚੱਢਾ ਨੇ ਦੱਸਿਆ ਕਿ ਮੁਫਤ ਵਾਈ ਫਾਈ ਸਹੂਲਤ ਨਾਲ ਕਿਸਾਨ ਆਪਣੇ ਘਰਦਿਆਂ ਨੂੰ ਵੇਖ ਸਕਣਗੇ। ਇਸ ਨਾਲ ਉਹ ਆਪਣੇ ਬੱਚਿਆਂ ‘ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ, ਸਾਡੇ ਦੇਵਤਾ ਹਨ, ਇਸ ਲਈ ਉਨ੍ਹਾਂ ਦੀ ਸੇਵਾ ਕਰਨ ਦੀ ਕੋਈ ਸੀਮਾ ਨਹੀਂ ਹੋ ਸਕਦੀ। ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਕਿਸਾਨਾਂ ਲਈ ਆਖਰੀ ਸਾਹ ਤੱਕ ਖੜੇ ਰਹਿਣਗੇ।
ਇਹ ਵੀ ਦੇਖੋ: ਪੁਲਿਸ ਵਾਲੇ ਵੀ ਆ ਗਏ ਕਿਸਾਨੀ ਅੰਦੋਲਨ ਦੇ ਹੱਕ ‘ਚ, ਸੁਣੋ ਕਿਵੇਂ ਪਾਈਆਂ ਮੋਦੀ ਨੂੰ ਲਾਹਨਤਾਂ…