Arvind Kejriwal kickstarts: ਨਵੀਂ ਦਿੱਲੀ: ਬਰਸਾਤ ਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਡਰ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਹੁੰਦਾ ਹੈ । ਇਹ ਬਿਮਾਰੀਆਂ ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ, ਜੋ ਗੰਦੇ ਪਾਣੀ ਵਿੱਚ ਪੈਦਾ ਹੁੰਦੇ ਹਨ। ਇਸ ਬਿਮਾਰੀ ਨੂੰ ਰੋਕਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਦਿੱਲੀ ਵਿੱਚ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ 10 ਹਫ਼ਤੇ-10 ਵਜੇ-10 ਮਿੰਟ ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਆਪਣੀ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸੀਐਮ ਕੇਜਰੀਵਾਲ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ।
ਇਸ ਸਬੰਧੀ ਆਪਣੇ ਟਵੀਟ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਿਆ, “ਪਿਛਲੇ ਸਾਲ ਦਿੱਲੀ ਦੇ 2 ਕਰੋੜ ਲੋਕਾਂ ਨੇ ਮਿਲ ਕੇ ਡੇਂਗੂ ਨੂੰ ਹਰਾ ਕੇ ਦਿਖਾਇਆ ਸੀ। ਆਓ, ਅੱਜ ਤੋਂ ਡੇਂਗੂ ਵਿਰੁੱਧ ਅਗਲੇ 10 ਹਫ਼ਤਿਆਂ ਦੀ ਲੜਾਈ ਸ਼ੁਰੂ ਕਰੀਏ। ਸਵੇਰੇ 10 ਵਜੇ ਮੈਂ ਆਪਣੇ ਘਰ ਵਿੱਚ ਵੇਖਾਂਗਾ ਕਿ ਕਿਤੇ ਪਾਣੀ ਜਮ੍ਹਾ ਤਾਂ ਨਹੀਂ ਹੈ। ਤੁਹਾਨੂੰ ਵੀ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਜ਼ਰੂਰ ਵੇਖਣਾ ਚਾਹੀਦਾ ਹੈ। ਸਾਨੂੰ ਇਸ ਵਾਰ ਵੀ ਮਿਲ ਕੇ ਡੇਂਗੂ ਨੂੰ ਹਰਾਉਣਾ ਹੈ।”
ਉੱਥੇ ਹੀ ਦੂਜੇ ਪਾਸੇ ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੇ ਘਰ ਵਿੱਚ ਖੜ੍ਹੇ ਪਾਣੀ ਨੂੰ ਚੈੱਕ ਕਰਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਲਿਖਿਆ, ਅਕਸਰ ਅਸੀਂ ਮਹਿਸੂਸ ਕਰਦੇ ਹਾਂ- ‘ਸਾਡੇ ਘਰ ਵਿੱਚ ਇੱਕ ਵੀ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਪਾਣੀ ਰੁਕਿਆ ਰਹੇ।’ ਪਰ ਜੇ ਤੁਸੀਂ ਇਸ ਨੂੰ ਸਹੀ ਤਰ੍ਹਾਂ ਵੇਖਣ ਲਈ 10 ਮਿੰਟ ਲੈਂਦੇ ਹੋ, ਤਾਂ ਕਿਤੋਂ ਨਾ ਕਿਤੋਂ ਪਾਣੀ ਬਾਹਰ ਆ ਜਾਂਦਾ ਹੈ। ਇਸ ਲਈ 10 ਹਫ਼ਤੇ-10 ਵਜੇ-10-ਮਿੰਟ ਦੀ ਮੁਹਿੰਮ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ। ਆਪਣੇ ਪਰਿਵਾਰ ਨੂੰ ਡੇਂਗੂ ਤੋਂ ਬਚਾਓ।
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਦਿੱਲੀ ਨੂੰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਮੁਕਤ ਕਰਨਾ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੇਜਰੀਵਾਲ ਆਪਣੇ ਘਰ ਵਿੱਚ ਪੌਦਿਆਂ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ ਕਿ ਇਨ੍ਹਾਂ ਵਿੱਚ ਕਿਤੇ ਪਾਣੀ ਤਾਂ ਨਹੀਂ ਰੁਕਿਆ ਹੋਇਆ।