Arvind Kejriwal says AAP: ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਬੈਠਕ ਵਿੱਚ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਵਿੱਚ ਅਗਲੇ ਦੋ ਸਾਲਾਂ ਵਿੱਚ ਹੋਣ ਵਾਲਿਆਂ ਸਾਰੀਆਂ ਚੋਣਾਂ ਲੜੇਗੀ । ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਗੋਆ ਵਿੱਚ ਚੋਣਾਂ ਲੜੇਗੀ। ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਅਤੇ ਹਿੰਸਾ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਅਧਾਰ ਦੇਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਨਜ਼ਰ ਦੇਸ਼ ਦੇ ਦੂਜੇ ਰਾਜਾਂ ਵੱਲ ਹੈ । ਇਸ ਦੇ ਤਹਿਤ ਪਾਰਟੀ ਨੇ ਆਪਣੇ ਚੋਟੀ ਦੇ ਨੇਤਾਵਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜ਼ਿੰਮੇਵਾਰੀਆਂ ਦੇਣਾ ਸ਼ੁਰੂ ਕਰ ਦਿੱਤਾ ਹੈ । ਰਾਘਵ ਚੱਢਾ ਨੂੰ ਪੰਜਾਬ, ਅਤੀਸ਼ੀ ਮਾਰਲੇਨਾ ਨੂੰ ਗੁਜਰਾਤ ਵਿੱਚ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਦੇ ਵਿਧਾਇਕ ਦਿਨੇਸ਼ ਮੋਹਨਿਆ ਨੂੰ ਉਤਰਾਖੰਡ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚ 2022 ਵਿੱਚ ਚੋਣਾਂ ਹੋਣੀਆਂ ਹਨ।
ਅੱਜ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਬੈਠਕ ਵਿੱਚ ਕੇਜਰੀਵਾਲ ਨੇ ਕਿਹਾ, “ਪੂਰੇ ਦੇਸ਼ ਵਿੱਚ ਲੋਕ AAP ਦੇ ਸ਼ਾਸਨ ਦੀ ਗੱਲ ਕਰ ਰਹੇ ਹਨ। ਦੇਸ਼ ਵਿੱਚ ਹਰ ਜਗ੍ਹਾ, ਲੋਕ ਦਿੱਲੀ ਦੀ ਤਰ੍ਹਾਂ ਬਿਜਲੀ ਅਤੇ ਪਾਣੀ ਦੀਆਂ ਸਬਸਿਡੀਆਂ ਅਤੇ ਭਲਾਈ ਸਕੀਮਾਂ ਚਾਹੁੰਦੇ ਹਨ। ਸਾਨੂੰ ਦੂਰੀਆਂ ਖਤਮ ਕਰਨ ਦੀ ਲੋੜ ਹੈ। ਇਸਦੇ ਲਈ ਸਾਨੂੰ ਇੱਕ ਮਜ਼ਬੂਤ ਸੰਗਠਨ ਬਣਾਉਣ ਦੀ ਜ਼ਰੂਰਤ ਹੈ। ਅਗਲੇ ਦੋ ਸਾਲਾਂ ਵਿੱਚ ਸਾਡੀ ਪਾਰਟੀ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਚੋਣ ਲੜੇਗੀ। ਲੋਕ ਤਿਆਰ ਹਨ ਅਤੇ ਹੁਣ ਸਾਨੂੰ ਉਨ੍ਹਾਂ ਤੱਕ ਪਹੁੰਚਣਾ ਹੈ।”
ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ, “ਅੱਜ ਕੱਲ੍ਹ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। ਪਿਛਲੇ 25 ਸਾਲਾਂ ਵਿੱਚ 3.5 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਨਵੇਂ ਕਿਸਾਨ ਬਿੱਲ ਨਾਲ ਕਿਸਾਨਾਂ ਦੀ ਖੇਤੀ ਖੋਹ ਕੇ ਪੂੰਜੀਪਤੀਆਂ ਨੂੰ ਦੇਣ ਦੀ ਤਿਆਰੀ ਹੈ। 26 ਜਨਵਰੀ ਨੂੰ ਹੋਈ ਹਿੰਸਾ ਮੰਦਭਾਗੀ ਸੀ । ਕਿਸਾਨਾਂ ‘ਤੇ ਨਕਲੀ ਕੇਸ ਲਗਾਏ ਜਾ ਰਹੇ ਹਨ । ਜ਼ਿੰਮੇਵਾਰ ਧਿਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਸ ਦਿਨ ਜੋ ਵੀ ਹੋਇਆ, ਉਸ ਨਾਲ ਇਹ ਅੰਦੋਲਨ ਖਤਮ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਸ਼ਾਂਤਮਈ ਢੰਗ ਨਾਲ ਕਿਸਾਨਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ।”