CM Arvind kejriwal pays tribute: ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਅੱਜ ਯਾਨੀ ਕਿ ਸੋਮਵਾਰ ਨੂੰ ਬਰਸੀ ਹੈ । ਦੱਸ ਦੇਈਏ ਕਿ ਬੀਤੇ ਸਾਲ 20 ਜੁਲਾਈ ਨੂੰ ਸ਼ੀਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । 81 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ ਸਨ। ਦਿੱਲੀ ਦੀ ਸਭ ਤੋਂ ਪ੍ਰਸਿੱਧ ਨੇਤਾ ਰਹੀ ਸ਼ੀਲਾ ਦੀਕਸ਼ਿਤ ਨੂੰ ਅੱਜ ਹਰ ਕੋਈ ਯਾਦ ਕਰ ਰਿਹਾ ਹੈ । ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ । ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਨੂੰ ਯਾਦ ਕਰਦਿਆਂ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸਵ. ਸ਼੍ਰੀਮਤੀ ਸ਼ੀਲਾ ਦੀਕਸ਼ਿਤ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ।
ਜ਼ਿਕਰਯੋਗ ਹੈ ਕਿ ਸ਼ੀਲਾ ਦੀਕਸ਼ਿਤ ਇੱਕ ਅਜਿਹਾ ਨਾਮ ਰਿਹਾ ਹੈ, ਜਿਸ ਨੇ ਰਾਜਧਾਨੀ ਦਿੱਲੀ ਦੀ ਪੂਰੀ ਤਸਵੀਰ ਬਦਲਣ ਦਾ ਕੰਮ ਕੀਤਾ । ਅੱਜ ਵੀ ਹਰ ਕੋਈ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਵਿੱਚ ਹੋਏ ਦਿੱਲੀ ਦੇ ਵਿਕਾਸ ਨੂੰ ਯਾਦ ਕਰਦਾ ਹੈ। ਉਹ ਸਾਲ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ । ਇੰਨੇ ਲੰਬੇ ਸਮੇਂ ਤੱਕ ਕਿਸੇ ਵੀ ਨੇਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦਾ ਮੌਕਾ ਨਹੀਂ ਮਿਲਿਆ ।
ਦੱਸ ਦੇਈਏ ਕਿ ਸ਼ੀਲਾ ਦੀਕਸ਼ਿਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿੱਚ ਹੋਇਆ ਸੀ, ਪਰ ਪੰਜਾਬ ਵਿੱਚ ਜੰਮੀ ਸ਼ੀਲਾ ਦੀਕਸ਼ਿਤ ਨੇ ਆਪਣਾ ਪੂਰਾ ਜੀਵਨ ਦਿੱਲੀ ਵਿੱਚ ਹੀ ਗੁਜਾਰਿਆ। ਉਨ੍ਹਾਂ ਦੀ ਪੜ੍ਹਾਈ ਵੀ ਦਿੱਲੀ ਵਿੱਚ ਹੋਈ । ਦਿੱਲੀ ਦੇ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਸਕੂਲ ਤੋਂ ਬਾਅਦ ਸ਼ੀਲਾ ਦੀਕਸ਼ਤ ਨੇ ਦਿੱਲੀ ਯੂਨੀਵਰਸਿਟੀ ਦੇ ਮਸ਼ਹੂਰ ਮਿਰਾਂਡਾ ਹਾਊਸ ਕਾਲਜ ਤੋਂ ਐੱਮ. ਏ. ਕੀਤੀ ਸੀ । ਜਿਸ ਤੋਂ ਬਾਅਦ ਉਹ ਸਿਆਸਤ ਵਿੱਚ ਆਈ ਸੀ। ਜੇਕਰ ਇੱਥੇ ਦਿੱਲੀ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਗੋਲ ਮਾਰਕੀਟ ਵਿਧਾਨ ਸਭਾ ਖੇਤਰ ਤੋਂ 1998 ਅਤੇ 2003 ਵਿੱਚ ਚੋਣ ਜਿੱਤੀ । ਇਸ ਤੋਂ ਬਾਅਦ ਉਨ੍ਹਾਂ ਨੇ ਨਵੀਂ ਦਿੱਲੀ ਸੀਟ ਤੋਂ ਹੱਥ ਅਜਮਾਇਆ ਅਤੇ ਜਿੱਤ ਦਰਜ ਕੀਤੀ । ਜਦੋਂ ਕੇਜਰੀਵਾਲ ਦੀ ਐਂਟਰੀ ਹੋਈ ਤਾਂ ਉਨ੍ਹਾਂ ਨੇ ਇਸ ਸੀਟ ਤੋਂ ਸ਼ੀਲਾ ਦੀਕਸ਼ਤ ਨੂੰ ਹਰਾਇਆ ।