ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਆਪਣੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ । ਮੁੱਖ ਮੰਤਰੀ ਵੱਲੋਂ ਇਹ ਮੀਟਿੰਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਉਸ ਫ਼ੈਸਲੇ ਤੋਂ ਬਾਅਦ ਸੱਦੀ ਹੈ, ਜਿਸ ਵਿੱਚ ਉਨ੍ਹਾਂ ਨੇ ਭਰੋਸਾ ਵੋਟ ਸਾਬਿਤ ਕਰਨ ਦੇ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਰਾਜ ਸਰਕਾਰ ਦੇ ਫ਼ੈਸਲੇ ਨੂੰ ਗਲਤ ਦੱਸਿਆ ਸੀ। ਪੰਜਾਬ ਦੇ ਗਵਰਨਰ ਵੱਲੋਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮਨਜ਼ੂਰੀ ਵਾਪਸ ਲਏ ਜਾਣ ਤੋਂ ਖਫ਼ਾ ‘ਆਪ’ ਸਵੇਰੇ 9 ਵਜੇ ਵਿਧਾਨ ਸਭਾ ਵਿੱਚ ਇੱਕਜੁੱਟ ਹੋਵੇਗੀ। ਇਸ ਦੌਰਾਨ ‘ਆਪ’ ਦੇ ਸਾਰੇ ਮੰਤਰੀ ਅਤੇ ਵਿਧਾਇਕ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕਰਨਗੇ । ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ‘ਆਪ’ ਮੌਕ ਟੈਸਟ ਵੀ ਕਰਵਾ ਸਕਦੀ ਹੈ । ਇਸ ਵਿੱਚ ‘ਆਪ’ ਮੰਤਰੀ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕਰਕੇ ਐਕਸ਼ਨ ਪਲਾਨ ਤਿਆਰ ਕਰਨਗੇ । ‘ਆਪ’ ਵੱਲੋਂ ਭਾਜਪਾ ਦੇ ਫੈਸਲੇ ਨੂੰ ਪਲਟਣ ‘ਤੇ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਆਪਣੇ ਵਿਧਾਇਕਾਂ ਵੱਲੋਂ ਖਰੀਦ-ਫਰੋਖਤ ਦੇ ਇਲਜ਼ਾਮ ਲੱਗਣ ਤੋਂ ਬਾਅਦ ਮਾਨ ਸਰਕਾਰ ਨੇ ਵੀਰਵਾਰ ਨੂੰ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਸੀ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਆਦੇਸ਼ਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸਿਰਫ਼ ਭਰੋਸੇ ਦੇ ਪ੍ਰਸਤਾਵ ਨੂੰ ਸਾਬਤ ਕਰਨ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ।
ਇਹ ਵੀ ਪੜ੍ਹੋ: ਰਾਜਪਾਲ ਨੇ ਰੱਦ ਕੀਤਾ ਵਿਧਾਨ ਸਭਾ ਦਾ ਇਜਲਾਸ, ‘ਆਪ’ ਨੇ ਸੱਦਿਆ ਸੀ ਵਿਸ਼ੇਸ਼ ਇਜਲਾਸ
ਦੱਸ ਦੇਈਏ ਕਿ ਰਾਜਪਾਲ ਦੇ ਵਿਸ਼ੇਸ਼ ਸੈਸ਼ਨ ਦਾ ਫ਼ੈਸਲਾ ਵਾਪਸ ਲੈਣ ‘ਤੇ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ”ਰਾਜਪਾਲ ਵੱਲੋਂ ਵਿਧਾਨ ਸਭਾ ਨੂੰ ਚੱਲਣ ਨਾ ਦੇਣਾ ਦੇਸ਼ ਦੇ ਲੋਕਤੰਤਰ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਜਾਂ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ। ਇੱਕ ਪਾਸੇ ਭੀਮ ਰਾਓ ਜੀ ਦਾ ਸੰਵਿਧਾਨ ਤੇ ਦੂਜੇ ਪਾਸੇ ਆਪਰੇਸ਼ਨ ਲੋਟਸ… ਜਨਤਾ ਸਭ ਦੇਖ ਰਹੀ ਹੈ।”
ਵੀਡੀਓ ਲਈ ਕਲਿੱਕ ਕਰੋ -: