cm kejriwal says: ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜ ਵਿੱਚ 74 ਹਜ਼ਾਰ ਤੋਂ ਵੱਧ ਕੇਸਾਂ ਦੇ ਬਾਵਜੂਦ ਇਸ ਵੇਲੇ ਸਥਿਤੀ ਕੰਟਰੋਲ ਵਿੱਚ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਟੈਸਟਿੰਗ ਤਿੰਨ ਗੁਣਾ ਹੋ ਗਈ ਹੈ ਅਤੇ ਇਸ ਦੇ ਬਾਵਜੂਦ ਮਾਮਲਿਆਂ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ਵਿੱਚ ਹੁਣ ਤੱਕ 73,780 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 2429 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਲੱਗਭਗ 45 ਹਜ਼ਾਰ ਮਰੀਜ਼ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ 25 ਜੂਨ ਨੂੰ ਰਾਜ ਵਿੱਚ ਵੱਧ ਰਹੇ ਮਾਮਲਿਆਂ ਬਾਰੇ ਆਪਣੀ ਪ੍ਰੈਸ ਬ੍ਰੀਫਿੰਗ ਦੌਰਾਨ ਸੀ.ਐੱਮ ਕੇਜਰੀਵਾਲ ਨੇ ਕਿਹਾ, “ਦਿੱਲੀ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਸਥਿਤੀ ਕੰਟਰੋਲ ਵਿੱਚ ਹੈ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਟੈਸਟਿੰਗ ਨੂੰ ਤਿੰਨ ਗੁਣਾ ਵਧਾ ਦਿੱਤਾ ਹੈ ਅਤੇ ਫਿਰ ਵੀ ਰੋਜ਼ਾਨਾ ਸਿਰਫ 3000 ਕੇਸ ਸਾਹਮਣੇ ਆ ਰਹੇ ਹਨ।”
ਕੁੱਝ ਦਿਨ ਪਹਿਲਾਂ ਤੱਕ ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡ ਬਾਰੇ ਵਿੱਚ ਬਹੁਤ ਸਾਰੇ ਪ੍ਰਸ਼ਨ ਖੜੇ ਕੀਤੇ ਗਏ ਸਨ। ਕੇਜਰੀਵਾਲ ਨੇ ਦੱਸਿਆ ਕਿ ਹੁਣ ਰਾਜ ਦੇ ਹਸਪਤਾਲਾਂ ਵਿੱਚ 13 ਹਜ਼ਾਰ ਬੈੱਡ ਤਿਆਰ ਹਨ। ਉਨ੍ਹਾਂ ਕਿਹਾ, “ਦਿੱਲੀ ਸਰਕਾਰ ਨੇ ਪਿੱਛਲੇ 10 ਦਿਨਾਂ ਵਿੱਚ ਲੱਗਭਗ 3500 ਬੈੱਡਾਂ ਨੂੰ ਹੋਟਲ ਵਿੱਚ ਤਿਆਰ ਕੀਤਾ ਹੈ। ਐਲਐਨਜੇਪੀ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਅਤੇ ਜੀਟੀਬੀ ਹਸਪਤਾਲਾਂ ਵਿੱਚ ਆਈਸੀਯੂ ਬੈੱਡਾਂ ਦੀ ਗਿਣਤੀ ‘ਚ ਹੋਰ ਵਾਧਾ ਕੀਤਾ ਜਾਵੇਗਾ।” ਹਾਲ ਹੀ ਵਿੱਚ, ਉਪ ਰਾਜਪਾਲ ਅਤੇ ਦਿੱਲੀ ਸਰਕਾਰ ਕੋਰੋਨਾ ਦੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਕਰਨ ਦੇ ਮਾਮਲੇ ਵਿੱਚ ਆਹਮੋ-ਸਾਹਮਣੇ ਆ ਗਏ ਸਨ। ਹੋਮ ਆਈਸੋਲੇਸ਼ਨ ਨੂੰ ਅਸਰਦਾਰ ਦੱਸਦਿਆਂ ਕੇਜਰੀਵਾਲ ਨੇ ਕਿਹਾ ਕਿ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਹਸਪਤਾਲਾਂ ਵਿੱਚ ਸਿਰਫ 6000 ਬੈੱਡ ਹੀ ਵਰਤੇ ਗਏ ਹਨ। ਉਨ੍ਹਾਂ ਕਿਹਾ, “ਇਹ ਹਰ ਰੋਜ਼ 3000 ਕੇਸਾਂ ਦੇ ਬਾਵਜੂਦ ਹੋਇਆ ਹੈ ਕਿਉਂਕਿ ਬਹੁਤਿਆਂ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ। ਦਿੱਲੀ ਵਿੱਚ ਕੋਰੋਨਾ ਦੇ ਬਹੁਤੇ ਮਾਮਲੇ ਹਲਕੇ ਜਿਹੇ ਲੱਛਣ ਵਾਲੇ ਹਨ।”