Delhi Covid vaccination plan: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵੈਕਸੀਨ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਪ੍ਰੈੱਸ ਕਾਨਫਰੰਸ ਕੀਤੀ । ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਦਿੱਲੀ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 16 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀਕਾਕਰਨ ਪ੍ਰਕਿਰਿਆ ਤਹਿਤ ਪਹਿਲੇ ਦਿਨ81 ਜਗ੍ਹਾ ‘ਤੇ ਵੈਕਸੀਨ ਲਗਾਈ ਜਾਵੇਗੀ । ਇੱਕ ਥਾਂ ‘ਤੇ ਲਗਭਗ 100 ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਹਫਤੇ ਵਿੱਚ ਸਿਰਫ ਚਾਰ ਦਿਨ ਯਾਨੀ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਹੀ ਵੈਕਸੀਨ ਲਗਾਈ ਜਾਵੇਗੀ।
ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਸ਼ੁਰੂਆਤੀ ਦੌਰ ਵਿੱਚ 81 ਸੈਂਟਰਾਂ ‘ਤੇ ਟੀਕਾਕਰਣ ਕੀਤਾ ਜਾਵੇਗਾ, ਪਰ ਬਾਅਦ ਵਿੱਚ ਇਸਨੂੰ ਵਧਾ ਕੇ 175 ਸੈਂਟਰ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੂਰੀ ਦਿੱਲੀ ਵਿੱਚ 1000 ਸੈਂਟਰ ਟੀਕਾਕਰਣ ਲਈ ਤਿਆਰ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2,74,000 ਵੈਕਸੀਨ ਦੀ ਡੋਜ਼ ਮਿਲੀ ਹੈ।
ਸੀਐਮ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, ‘ਇਸ ਵੈਕਸੀਨ ਦੀਆਂ ਇੱਕ ਵਿਅਕਤੀ ਦੋ ਖੁਰਾਕ ਲਵੇਗਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 10 ਪ੍ਰਤੀਸ਼ਤ ਵਾਧੂ ਖੁਰਾਕ ਦੇ ਰਹੀ ਹੈ। ਇਸ ਲਈ ਜੋ ਖੁਰਾਕਾਂ ਪ੍ਰਾਪਤ ਹੋਈਆਂ ਹਨ ਉਹ 1,20,000 ਸਿਹਤ ਕਰਮਚਾਰੀਆਂ ਲਈ ਕਾਫ਼ੀ ਹਨ। ਦਿੱਲੀ ਵਿਚ 2,40,000 ਸਿਹਤ ਸੰਭਾਲ ਕਰਮਚਾਰੀ ਰਜਿਸਟਰਡ ਹੋਏ ਹਨ। ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਬਾਕੀ ਵੈਕਸੀਨ ਵੀ ਪ੍ਰਾਪਤ ਕਰ ਲਵਾਂਗੇ।