Delhi govt tells municipal corporation: ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸੋਮਵਾਰ ਨੂੰ ਮਿਉਸੀਪਲ ਕਾਰਪੋਰੇਸ਼ਨਾਂ ਨੂੰ ਕਿਹਾ ਕਿ ਜੇਕਰ ਉਹ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਬਕਾਏ ਦੀ ਅਦਾਇਗੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਹਸਪਤਾਲਾਂ ਨੂੰ ਦਿੱਲੀ ਸਰਕਾਰ ਦੇ ਹਵਾਲੇ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਨ੍ਹਾਂ ਕਰਮਚਾਰੀਆਂ ਸਮੇਤ ਡਾਕਟਰਾਂ ਨੇ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਸ਼ਹਿਰੀ ਵਿਕਾਸ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਹੜਤਾਲ ਦੇ ਖਤਰੇ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਰਕਾਰ ਨੂੰ ਕੋਵਿਡ -19 ਦੇ ਮਰੀਜ਼ਾਂ ਨੂੰ ਉੱਤਰ ਦਿੱਲੀ ਮਿਉਸੀਪਲ ਕਾਰਪੋਰੇਸ਼ਨ ਵੱਲੋਂ ਚਲਾਏ ਜਾ ਰਹੇ ਹਿੰਦੂ ਰਾਓ ਹਸਪਤਾਲ ਤੋਂ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐਲਐਨਜੇਪੀ) ਹਸਪਤਾਲ ‘ਚ ਤਬਦੀਲ ਕਰਨਾ ਪਿਆ ਹੈ।
ਜੈਨ ਨੇ ਵਧੀਕ ਮੁੱਖ ਸਕੱਤਰ (ਸ਼ਹਿਰੀ ਵਿਕਾਸ) ਨੂੰ ਹਦਾਇਤ ਕੀਤੀ ਕਿ ਉਹ ਤਿੰਨੋਂ ਮਿਉਸੀਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਸਾਹਮਣੇ ਮੁੱਦਾ ਚੁੱਕਣ। ਤਿੰਨ ਮਿਉਸੀਪਲ ਕਾਰਪੋਰੇਸ਼ਨਾਂ ਦੇ ਭਾਜਪਾ ਨੇਤਾਵਾਂ ਨੇ ਦਿੱਲੀ ਸਰਕਾਰ ’ਤੇ ਵੱਖ ਵੱਖ ਵਸਤੂਆਂ ਦੇ ਵਿੱਤੀ ਬਕਾਏ ਰੋਕ ਕੇ ਉਨ੍ਹਾਂ ਦੇ ਕੰਮਕਾਜ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਦਿੱਲੀ ਸਰਕਾਰ ਦੀ ਤਰਫੋਂ ਉੱਤਰੀ, ਦੱਖਣੀ ਅਤੇ ਪੂਰਬੀ ਮਿਉਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਕਿਹਾ ਗਿਆ ਹੈ, ਜੇ ਉਹ ਤਨਖਾਹ ਨਹੀਂ ਦੇ ਸਕਦੇ ਤਾਂ ਉਹ ਦਿੱਲੀ ਦੇ ਹਸਪਤਾਲਾਂ ਨੂੰ ਦਿੱਲੀ ਸਰਕਾਰ ਦੇ ਹਵਾਲੇ ਕਰ ਸਕਦੇ ਹਨ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਹਸਪਤਾਲ ਨੂੰ ਕਿਸੇ ਵੀ ਤਰਾਂ ਚਲਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਕੋਰੋਨਾ ਇਨਫੈਕਸ਼ਨ ਦੇ ਦੌਰਾਨ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸਟਾਫ ਨੂੰ ਵੀ ਕੋਈ ਮੁਸ਼ਕਿਲ ਨਹੀਂ ਹੋਏਗੀ।